ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਮਈ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਵੱਲੋਂ ਇਥੇ ਲਾਇਨਜ਼ ਕਲੱਬ ’ਚ ਕੀਤੀ ਜਨਰਲ ਕੌਂਸਲ ਦੀ ਦੂਜੀ ਸਾਲਾਨਾ ਮੀਟਿੰਗ ਦੌਰਾਨ 19 ਜ਼ਿਲ੍ਹਿਆਂ ਵਿੱਚੋਂ 220 ਦੇ ਕਰੀਬ ਡੈਲੀਗੇਟਾਂ ਨੇ ਹਿੱਸਾ ਲਿਆ। ‘ਸੱਤਾ ਦੇ ਵਧਦੇ ਕੇਂਦਰੀਕਰਨ’ ’ਤੇ ਚਰਚਾ ਤੋਂ ਇਲਾਵਾ ਕੱਚੇ ਅਧਿਆਪਕਾਂ, ਨਵੀਆਂ ਭਰਤੀਆਂ ਅਤੇ ਪੁਰਾਣੀ ਪੈਨਸ਼ਨ ਸਬੰਧੀ ਦੇਸ਼ ਭਗਤ ਯਾਦਗਾਰ ਹਾਲ ਤੱਕ ਮਾਰਚ ਕਰਨ ਤੋਂ ਬਾਅਦ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਵੱਲੋਂ ਪੜ੍ਹੇ ਐਲਾਨਨਾਮੇ ਅਨੁਸਾਰ ਇਨ੍ਹਾਂ ਮੰਗਾਂ ’ਤੇ 13 ਮਈ ਨੂੰ ਜ਼ਿਲ੍ਹਾ ਪੱਧਰ ’ਤੇ ਮੰਗ ਪੱਤਰ ਦੇਣ, 9 ਜੁਲਾਈ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਸੰਗਰੂਰ ਕਨਵੈਨਸ਼ਨ ਦਾ ਭਰਵਾਂ ਹਿੱਸਾ ਬਣਨ ਅਤੇ 1 ਜੁਲਾਈ ਤੋਂ ਜਥੇਬੰਦੀ ਦੀ ਮੈਂਬਰਸ਼ਿੱਪ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਡੀਟੀਐੱਫ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਸਮੁੱਚੀ ਕਾਰਵਾਈ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੇ ਸੈਸ਼ਨ ਵਿੱਚ ਝੰਡਾ ਲਹਿਰਾਉਣ ਤੋਂ ਬਾਅਦ ਡੀਟੀਐੱਫ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਜੋਸਨ ਵੱਲੋਂ ਡੈਲੀਗੇਟਾਂ ਦਾ ਸਵਾਗਤ ਕੀਤਾ ਗਿਆ। ਉਪਰੰਤ ਜਥੇਬੰਦਕ ਸਰਗਰਮੀਆਂ ਦੀ ਰਿਪੋਰਟ ਪੜ੍ਹੀ ਗਈ। ਦੂਜੇ ਸੈਸ਼ਨ ਦੌਰਾਨ ‘ਸੱਤਾ ਦੇ ਵਧਦੇ ਕੇਂਦਰੀਕਰਨ’ ਸਬੰਧੀ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪਹੁੰਚੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀਕਰਨ ਦੀ ਨੀਤੀ ਤਹਿਤ ਕਾਰਪੋਰੇਟ ਸੱਤਾ ’ਤੇ ਲਗਾਤਾਰ ਆਪਣਾ ਕੰਟਰੋਲ ਵਧਾ ਰਿਹਾ ਹੈ। ਤੀਜੇ ਸੈਸ਼ਨ ਦੌਰਾਨ ਸੂਬਾ ਕਮੇਟੀ ਮੈਂਬਰ ਬੇਅੰਤ ਫੂਲੇਵਾਲ ਦੀ ਸੂਬਾ ਮੀਤ ਪ੍ਰਧਾਨ ਅਤੇ ਨਿਰਮਲ ਚੁਹਾਣਕੇ ਦੀ ਕਾਰਜਕਾਰੀ ਸੂਬਾ ਕਮੇਟੀ ਮੈਂਬਰ ਵਜੋਂ ਚੋਣ ਕੀਤੀ ਗਈ।