ਪਾਲ ਸਿੰਘ ਨੌਲੀ
ਜਲੰਧਰ, 17 ਨਵੰਬਰ
ਸਾਰਾਗੜ੍ਹੀ ਦੇ ਯੁੱਧ ਵਿੱਚ ਜਲੰਧਰ ਜ਼ਿਲ੍ਹੇ ਦੇ ਦੋ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਜਾ ਰਹੀ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੇਡ ਅਤੇ ਐੱਨਆਰਆਈ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਡਮੁੰਡਾ ਦੇ ਭਾਈ ਜੀਵਨ ਸਿੰਘ ਅਤੇ ਭਾਈ ਗੁਰਮੁਖ ਸਿੰਘ ਨੇ ਸਾਰਾਗੜ੍ਹੀ ਵਿੱਚ ਸ਼ਹਾਦਤ ਪਾ ਕੇ ਜਲੰਧਰ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਣਗੌਲੇ ਸ਼ਹੀਦਾਂ ਦੀ ਯਾਦ ਵਿਚ 124 ਸਾਲਾਂ ਬਾਅਦ ਸਾਰਾਗੜ੍ਹੀ ਮੈਮੋਰੀਅਲ ਅਤੇ ਸਪੋਰਟਸ ਕੰਪਲੈਕਸ ਦੀ ਉਸਾਰੀ ਮੀਲ ਪੱਥਰ ਸਾਬਤ ਹੋਣਗੇ। ਪਰਵਾਸੀ ਪੰਜਾਬੀ ਅਤੇ ਸਮਾਜ ਸੇਵੀ ਜਤਿੰਦਰ ਜੇ ਮਿਨਹਾਸ ਨੇ ਦੱਸਿਆ ਕਿ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ ਉਸਾਰੇ ਜਾ ਰਹੇ ਕੰਪਲੈਕਸ ਵਿੱਚ ਸ਼ਹਾਦਤ ਦਾ ਸਾਰਾ ਬਿਰਤਾਂਤ ਸਿਰਜਿਆ ਜਾਵੇਗਾ। ਇਸ ਦੇ ਨਾਲ ਹੀ ਜਿਹੜਾ ਸਪੋਰਟਸ ਕੰਪਲੈਕਸ ਉਸਾਰਿਆ ਜਾਵੇਗਾ ਉਸ ਵਿੱਚ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਹੋਣਗੀਆਂ ਜਿਹੜੀਆਂ ਪਿੰਡਾਂ ਦੇ ਖਿਡਾਰੀਆਂ ਨੂੰ ਅਸਾਨੀ ਨਾਲ ਮਿਲ ਸਕਣਗੀਆਂ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੇ ਐੱਨਆਰਆਈ ਜਤਿੰਦਰ ਜੇ ਮਿਨਹਾਸ ਦੀ ਪ੍ਰਸ਼ੰਸਾ ਕੀਤੀ।