ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਮਾਰਚ
ਪੇਂਡੂ ਖੇਤ ਮਜ਼ਦੂਰ ਯੂਨੀਅਨ ਨੇ ਆਮ ਆਦਮੀ ਪਾਰਟੀ ਵੱਲੋਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਨਿਗੂਣਾ ਵਾਧਾ ਕਰਨ ’ਤੇ ਇਸ ਰਕਮ ਨੂੰ ਗੁਆਂਢੀ ਸੂਬੇ ਹਰਿਆਣਾ ਤੋਂ ਹੇਠਾਂ ਰੱਖੇ ਜਾਣ ਦਾ ਤਿੱਖਾ ਵਿਰੋਧ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 272 ਰਪਏ ਤੋਂ ਵਧਾ ਕੇ 282 ਰੁਪਏ ਕਰ ਦਿੱਤੀ ਗਈ ਹੈ। ਜੱਥੇਬੰਦੀ ਦੇ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਇਹ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਹੈ। ਪੰਜਾਬ ਨਾਲੋਂ ਵੱਧ ਦਿਹਾੜੀ ਤਾਂ ਹਰਿਆਣਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਉਥੇ 331 ਰੁਪਏ ਦਿਹਾੜੀ ਦਿੱਤੀ ਜਾ ਰਹੀ ਹੈ। ਮਜ਼ਦੂਰ ਜੱਥੇਬੰਦੀ ਦੇ ਆਗੂ ਤਰਸੇਮ ਪੀਟਰ ਨੇ ਕਿਹਾ ਕਿ ਆਪ ਦੀ ਸਰਕਾਰ ਨੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਸਿਰਫ 10 ਰੁਪਏ ਦਾ ਵਾਧਾ ਕਰਕੇ ਸਾਬਤ ਕਰ ਦਿੱਤਾ ਕਿ ਉਹ ਵੀ ਰਵਾਇਤੀ ਪਾਰਟੀਆਂ ਨਾਲੋਂ ਵੱਖਰੀ ਨਹੀਂ ਹੈ। ਪੇਂਡੂ ਮਜ਼ਦੂਰ ਯੂਨੀਅਨ ਨੇ ਇਸ 10 ਰੁਪਏ ਦੇ ਵਾਧੇ ਨੂੰ ਮਿਹਨਤਕਸ਼ਾਂ ਨਾਲ ਕੀਤਾ ਗਿਆ ਭੱਦਾ ਮਜ਼ਾਕ ਦੱਸਿਆ ਹੈ।
ਮਨਰੇਗਾ ਮਜ਼ਦੂਰਾਂ ਨੇ ਇਸ ਨਿਗੂਣੇ ਵਾਧੇ ਵਿਰੁੱਧ ਅੱਜ ਮਹਿਤਪੁਰ ਬਲਾਕ ਦੇ ਵੱਖ ਵੱਖ ਪਿੰਡਾਂ ਮੰਡਿਆਲਾ, ਖੁਰਸ਼ਾਇਦਪੁਰ, ਮਹਿਸਮਪੁਰ, ਨਵਾਂ ਪਿੰਡ, ਬੀੜ ਬਾਲੋਕੀ ਆਦਿ ਵਿੱਚ ਮਨਰੇਗਾ ਵਰਕਰਾਂ ਨੇ ਰੋਸ ਰੈਲੀਆਂ ਕੀਤੀਆਂ। ਉਨ੍ਹਾਂ ਨੇ ਮੰਗ ਕੀਤੀ ਕਿ ਮਜ਼ਦੂਰ ਵਿਰੋਧੀ ਫ਼ੈਸਲੇ ਨੂੰ ਰੱਦ ਕੀਤਾ ਜਾਵੇ ਤੇ ਮਨਰੇਗਾ ਵਰਕਰਾਂ ਦੀ ਦਿਹਾੜੀ ਪੰਜ ਸੌ ਰੁਪਏ ਕੀਤੀ ਜਾਵੇ। ਜੱਥੇਬੰਦੀਆਂ ਦੀਆਂ ਔਰਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਨਰੇਗਾ ਨਾਲ ਸਬੰਧਤ ਦਫਤਰੀ ਕਾਮਿਆਂ ਅਤੇ ਤਕਨੀਕੀ ਸਟਾਫ਼ ਦੀਆਂ ਉਜਰਤਾਂ ਪ੍ਰਤੀ ਵੀ ਕੋਈ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਘੱਟੋ ਘੱਟ ਉਜਰਤ ਕਾਨੂੰਨ 1948 ਅਧੀਨ ਪੰਜਾਬ ਸਰਕਾਰ ਨੇ 2012 ਵਿੱਚ ਬੇਸਿਕ ਰੇਟ ਨੂੰ ਸੋਧਿਆ ਸੀ, ਜਦ ਕਿ ਕਾਨੂੰਨ ਵਿੱਚ ਉਪਬੰਧ ਕੀਤਾ ਗਿਆ ਹੈ ਕਿ ਹਰ ਪੰਜ ਸਾਲ ਬਾਅਦ ਬੇਸਿਕ ਰੇਟ ਸੋਧ ਕੀਤੀ ਜਾਵੇਗੀ ਜਦ ਕਿ ਦਸ ਸਾਲ ਤੋਂ ਕਿਸੇ ਵੀ ਸਰਕਾਰ ਨੇ ਇਸ ਨੂੰ ਨਹੀਂ ਸੋਧਿਆ। ਹਰ ਸਰਕਾਰ ਨੇ ਡੀਏ ਵਿੱਚ ਨਿਗੂਣਾ ਜਿਹਾ ਵਾਧਾ ਕੀਤਾ ਹੈ ਪਰ 2020 ਤੋਂ ਕੋਵਿਡ-19 ਦਾ ਬਹਾਨਾ ਬਣਾ ਕੇ ਡੀਏ ਵਿੱਚ ਵੀ ਕੋਈ ਵਾਧਾ ਨਹੀਂ ਕੀਤਾ। ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਬਖਸ਼ੋ ਖੁਰਸ਼ਾਇਦਪੁਰ, ਬਲਜੀਤ ਕੌਰ ਮਾਨ, ਇਸਤਰੀ ਆਗੂ ਅਨੀਤਾ ਸੰਧੂ, ਮਮਤਾ ਨਵਾਂ ਪਿੰਡ ,ਬਖਸ਼ੋ ਮੰਡਿਆਲਾ ਨੇ ਸੰਬੋਧਨ ਕੀਤਾ।