ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 9 ਸਤੰਬਰ
ਇੱਥੋਂ ਦੇ ਜਾਜਾ ਚੌਕ ਨੇੜੇ ਜਲੰਧਰ-ਪਠਾਨਕੋਟ ਕੌਮੀ ਮਾਰਗ ਦੀ ਸਰਵਿਸ ਰੋਡ ’ਤੇ ਦੋ ਬੱਸਾਂ ਦੀ ਹੋਈ ਟੱਕਰ ਵਿੱਚ ਕਰੀਬ 19 ਸਵਾਰੀਆਂ ਜ਼ਖ਼ਮੀ ਹੋ ਗਈਆਂ।
ਇਹ ਹਾਦਸਾ ਅੱਜ ਦੁਪਹਿਰੇ ਉਸ ਵੇਲੇ ਵਾਪਰਿਆ ਜਦੋਂ ਪੰਜਾਬ ਰੋਡਵੇਜ਼ ਲੁਧਿਆਣਾ ਡਿੱਪੂ ਦੀ ਬੱਸ ਤੇ ਮਿਨੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਕਾਰਨ ਮਿਨੀ ਬੱਸ ਸੜਕ ’ਤੇ ਉਲਟ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ (ਟਾਂਡਾ) ਕੁਲਵੰਤ ਸਿੰਘ ਅਤੇ ਥਾਣਾ ਮੁਖੀ ਉਕਾਂਰ ਸਿੰਘ ਨੇ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸਾਂ ਤੇ ਹੋਰ ਵਾਹਨਾਂ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਜਿੱਥੋਂ ਕਈ ਸਵਾਰੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ।
ਇਸ ਹਾਦਸੇ ਵਿੱਚ ਕੁਲਵਿੰਦਰ ਕੌਰ ਵਾਸੀ ਹਰੀਪੁਰ ਫਿਲੌਰ, ਰੋਹਿਤ ਪਾਲ ਵਾਸੀ ਬੈਂਚ ਬਾਜਾ, ਏਕਤਾ ਵਾਸੀ ਜਲੰਧਰ, ਯਾਸ਼ਿਕਾ ਅਰੋੜਾ, ਨੀਲਮ ਪੁਰੀ ਵਾਸੀ ਦਸੂਹਾ, ਵਰਿੰਦਰ ਕੌਰ ਵਾਸੀ ਜਾਜਾ, ਗੁਰਮੀਤ ਕੌਰ ਵਾਸੀ ਦਸੂਹਾ, ਸੰਤੋਸ਼ ਵਾਸੀ ਲੁਧਿਆਣਾ, ਰਾਣੀ ਦੇਵੀ ਵਾਸੀ ਦੇਹਰੀਵਾਲ, ਪਰਮਿੰਦਰ ਕੌਰ ਵਾਸੀ ਮਿਰਜ਼ਾਪੁਰ ਜੰਡੇਂ, ਅੰਜੂ ਵਾਸੀ ਲੁਧਿਆਣਾ, ਮਿਨੀ ਬੱਸ ਚਾਲਕ ਜਗਵਿੰਦਰ ਸਿੰਘ ਵਾਸੀ ਪਤਿਆਲਾ, ਬਲਵੰਤ ਸਿੰਘ ਵਾਸੀ ਲੁਧਿਆਣਾ, ਕਮਲੇਸ਼ ਲੁਧਿਆਣਾ, ਰੀਤਾ ਦੇਵੀ ਵਾਸੀ ਬੱਸੀ ਜਲਾਲ, ਇੰਦਰਜੀਤ ਕੌਰ ਵਾਸੀ ਦੇਹਰੀਵਾਲ, ਤਮੰਨਾ ਵਾਸੀ ਦਸੂਹਾ, ਸੁਰਿੰਦਰ ਕੌਰ ਵਾਸੀ ਦਾਤਾ ਅਤੇ ਬਲਵੰਤ ਸਿੰਘ ਵਾਸੀ ਲੁਧਿਆਣਾ ਜ਼ਖ਼ਮੀ ਹੋਏ। ਪੁਲੀਸ ਨੇ ਬੱਸਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।