ਪੱਤਰ ਪ੍ਰੇਰਕ
ਸ਼ਾਹਕੋਟ, 31 ਦਸੰਬਰ
ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਹਲਕੇ ਦੇ ਪਿੰਡਾਂ ਵਿਚ ਕਰਵਾਏ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨਵੇਂ ਸ਼ੁਰੂ ਕਰਵਾਏ ਵਿਕਾਸ ਦੇ ਨੀਂਹ ਪੱਥਰ ਰੱਖੇ ਗਏ। ਪਿੰਡ ਬਾਂਹਮਣੀਆਂ ਵਿਚ 61. 71 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਪਾਣੀ ਵਾਲੀ ਟੈਂਕੀ ਦਾ, ਪਿੰਡ ਰਾਂਮੇ ਵਿਚ ਜਿਮ ਦੇ ਕਮਰੇ ਦੀ ਉਸਾਰੀ, ਗਲੀਆਂ ਵਿਚ ਟਾਈਲਾਂ ਲਗਾਉਣ, ਡੇਰਿਆਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਪੱਕਾ ਕਰਨ ਅਤੇ ਸ਼ਮਸ਼ਾਨਘਾਟ ਵਿਚ ਉਸਾਰੇ ਜਾਣ ਵਾਲੇ ਸੈੱਡ ਅਤੇ ਪਿੰਡ ਰਾਜੇਵਾਲ ਖੁਰਦ ਵਿਚ ਬਣਾਈ ਜਾ ਰਹੀ ਪੱਕੀ ਸੜਕ ਦੇ ਨੀਂਹ ਪੱਥਰ ਰੱਖੇ ਗਏ। ਇਸ ਤੋਂ ਇਲਾਵਾ ਕੋਹਾੜ ਖੁਰਦ ਅਤੇ ਨਵਾਂ ਪਿੰਡ ਅਕਾਲੀਆਂ ਵਿਚ ਕਰਵਾਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਕੋਹਾੜ ਖੁਰਦ ਦੇ ਅਧੂਰੇ ਕਾਰਜਾਂ ਲਈ 18 ਲੱਖ ਅਤੇ ਨਵਾਂ ਪਿੰਡ ਅਕਾਲੀਆਂ ਲਈ 15 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਵਿਧਾਇਕ ਨੇ ਪਿੰਡਾਂ ਵਿਚ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦਾ ਵਿਕਾਸ ਕਰਨਾ ਹੀ ਉਨ੍ਹਾਂ ਦਾ ਮੁੱਖ ਨਿਸ਼ਾਨਾ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿਚ ਸ਼ੁਰੂ ਕੀਤੇ ਹੋਏ ਕਈ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ।