ਪੱਤਰ ਪ੍ਰੇਰਕ
ਸ਼ਾਹਕੋਟ, 11 ਅਕਤੂਬਰ
ਮਨਰੇਗਾ ਵਰਕਰਾਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ ਨਾਂ ਦੇਣ ਅਤੇ ਪੇਂਡੂ ਮਜ਼ਦੂਰਾਂ ਨਾਲ ਚੋਣਾਂ ਮੌਕੇ ਕੀਤੀਆਂ ਗਾਰੰਟੀਆਂ ਨੂੰ ਅਮਲ ਵਿੱਚ ਨਾ ਲਿਆਉਣ ਦੇ ਰੋਸ ਵਜੋਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਅੱਜ ਦੂਜੇ ਦਿਨ ਵੀ ਮਨਰੇਗਾ ਵਰਕਰਾਂ ਅਤੇ ਪੇਂਡੂ ਮਜ਼ਦੂਰਾਂ ਨੇ ਸੰਯੁਕਤ ਰੂਪ ’ਚ ਸਰਕਾਰ ਦਾ ਪੁਤਲਾ ਫੂਕਿਆ। ਪਿੰਡ ਖੁਰਸੈਦਪੁਰ ਵਿੱਚ ਮਜ਼ੂਦੂਰਾਂ ਨੂੰ ਸੰਬੋਧਨ ਕਰਦਿਆ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਬਖਸ਼ੋ ਰਾਣੀ ਨੇ ਕਿਹਾ ਕਿ ਪੰਚਾਇਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਪੰਜਾਬ ਭਰ ਦੇ ਮਨਰੇਗਾ ਮਜ਼ਦੂਰਾਂ ਅਜੇ ਤੱਕ ਕਰੀਬ 14 ਕਰੋੜ 71 ਲੱਖ ਦੀ ਮਜ਼ਦੂਰੀ ਲੈਣ ਨੂੰ ਤਰਸ ਰਹੇ ਹਨ। ਪੇਂਡੂ ਮਜ਼ਦੂਰਾਂ ਨਾਲ ਚੋਣਾਂ ਦੌਰਾਨ ਕੀਤੀਆਂ ਗਾਰੰਟੀਆਂ ਨੂੰ ਅਮਲ ’ਚ ਨਾ ਲਿਆਂਦੇ ਜਾਣ ਕਾਰਨ ਉਹ ਵੀ ਸਰਕਾਰੀ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਮਨਰੇਗਾ ਵਰਕਰਾਂ ਨੂੰ ਬਣਦਾ ਮਿਹਨਤਾਨਾ ਨਾ ਦਿੱਤਾ ਗਿਆ ਤੇ ਪੇਂਡੂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਮਲੀ ਜਾਮਾ ਨਾ ਪਹਿਨਾਇਆ ਗਿਆ ਤਾਂ ਇਨ੍ਹਾਂ ਵਰਗਾਂ ਦੀ ਦੀਵਾਲੀ ਵੀ ਫਿੱਕੀ ਬਣ ਕੇ ਰਹਿ ਜਾਵੇਗੀ। ਯੂਨੀਅਨ ਆਗੂ ਵਿਜੈ ਬਾਠ ਨੇ ਕਿਹਾ ਕਿ ‘ਆਪ’ ਸਰਕਾਰ ਕੋਲ ਨਾਂ ਤਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਮਨਰੇਗਾ ਵਰਕਰਾਂ ਨੂੰ ਕੇਂਦਰ ਸਰਕਾਰ ਦੀ ਗਾਰੰਟੀ ਵਾਲਾ ਕੰਮ ਦੇਣ ਅਤੇ ਨਾ ਹੀ ਉਨ੍ਹਾਂ ਦਾ ਬਣਦਾ ਮਿਹਨਤਾਨਾ ਦੇਣ ਲਈ ਅਫਸ਼ਰਸ਼ਾਹੀ ਨੂੰ ਜਵਾਬਦੇਹ ਬਣਾਉਣ ਦੀ ਕੋਈ ਯੋਜਨਾ ਹੈ। ਇਸ ਕਰਕੇ ਉਨ੍ਹਾਂ ਦੀ ਯੂਨੀਅਨ ਨੇ ਅੱਜ ਤੱਕ ਇਲਾਕੇ ਦੇ ਦਰਜਨਾਂ ਪਿੰਡਾਂ ’ਚ ਸਰਕਾਰ ਦੇ ਪੁਤਲੇ ਫੂਕ ਕੇ ਆਪਣਾ ਰੋਸ ਜਾਹਰ ਕੀਤਾ ਹੈ। ਉਨ੍ਹਾਂ ਕਿਹਾ ਇਹ ਸਿਲਸਿਲਾ 12 ਅਕਤੂਬਰ ਨੂੰ ਵੀ ਜਾਰੀ ਰਹੇਗਾ।