ਭਗਵਾਨ ਦਾਸ ਸੰਦਲ
ਦਸੂਹਾ, 14 ਮਾਰਚ
ਮਾਡਲ ਟਾਊਨ ਦੀ ਬਾਬਾ ਪ੍ਰੇਮ ਸਿੰਘ ਕਲੋਨੀ ਦੇ ਵਸਨੀਕ ਪਾਣੀ ਸਪਲਾਈ ਮਹਿਕਮੇ ਦੀ ਅਣਦੇਖੀ ਕਾਰਨ ਲੰਮੇਂ ਸਮੇਂ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਕਰੀਬ ਤਿੰਨ ਮਹਿਨੇ ਪਹਿਲਾ ਕਲੋਨੀ ਦੀਆਂ ਕਈ ਗਲੀਆਂ ਪੁੱਟ ਕੇ ਪਾਣੀ ਸਪਲਾਈ ਲਈ ਪਾਈਪ ਲਾਈਨ ਵਿਛਾਈ ਗਈ ਅਤੇ ਕਈ ਥਾਵਾਂ ’ਤੇ ਪਾਈਪ ਲਾਈਨ ਨੂੰ ਅਧੂਰਾ ਹੀ ਛੱਡ ਦਿੱਤਾ ਗਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕਈ ਵਾਰ ਮਹਿਕਮੇ ਦੇ ਜੇਈ ਅਤੇ ਐੱਸਡੀਈ ਸਮੇਤ ਹੋਰਾਂ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਕਿਸੇ ਵੱਲੋਂ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ। ਕੈਲਾਸ਼ ਬੱਸੀ ਨੇ ਦੋਸ਼ ਲਾਇਆ ਕਿ ਟੈਂਡਰ ਦੀਆਂ ਸ਼ਰਤਾਂ ਮੁਤਾਬਕ ਵਾਟਰ ਸਪਾਲਈ ਲਈ ਪਾਈਪ ਲਾਈਨ ਵਿਛਾਉਣ ਲਈ ਟੋਏ ਦੀ ਚੌੜਾਈ ਕਰੀਬ 45 ਸੈਂਟੀਮੀਟਰ ਰੱਖੀ ਜਾਂਦੀ ਹੈ ਪਰ ਸਬੰਧਤ ਠੇਕੇਦਾਰ ਵੱਲੋਂ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਦੇ ਚੱਲਦਿਆ ਜੇਸੀਬੀ ਲਗਾ ਕੇ 3 ਫੁੱਟ ਚੌੜੇ ਟੋਏ ਪੁੱਟਵਾ ਦਿੱਤੇ ਤਾਂ ਜੋ ਗਲੀਆਂ ਦੀ ਮੁਰੰਮਤ ਵੇਲੇ ਠੇਕੇਦਾਰ ਨੂੰ ਉਸ ਦਾ ਲਾਭ ਪਹੁੰਚ ਸਕੇ। ਵਾਸੀਆਂ ਨੇ ਇਸ ਮਾਮਲੇ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਮੰਗੀ ਹੈ।
ਵਿਧਾਇਕ ਵੱਲੋਂ ਸਮੱਸਿਆ ਦੇ ਹੱਲ ਦਾ ਭਰੋਸਾ
ਇਸ ਸਬੰਧੀ ਹਲਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਨੇ ਕਿਹਾ ਕਿ ਉਹ ਜਲਦ ਵਾਟਰ ਸਪਲਾਈ ਜਾਰੀ ਕਰਵਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਕਰਨਗੇ ਅਤੇ ਟੈਂਡਰ ਦੇ ਨਿਯਮਾਂ ਖ਼ਿਲਾਫ਼ ਕੀਤੇ ਕੰਮਾਂ ਦਾ ਵੀ ਗੰਭੀਰ ਨੋਟਿਸ ਲੈਣਗੇ।