ਜਸਬੀਰ ਸਿੰਘ ਚਾਨਾ
ਫਗਵਾੜਾ, 8 ਜੂਨ
ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਸਥਿਤ ਪਿੰਡ ਰਿਹਾਣਾ ਜੱਟਾਂ ਵਿੱਚ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਦਿਨ ਦਿਹਾੜੇ ਲੁਟੇਰੇ ਪਿਸਤੌਲ ਦੀ ਨੌਕ ’ਤੇ ਕਰੀਬ ਢਾਈ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਫ਼ਰਾਰ ਹੋ ਗਏ ਅਤੇ ਲੁਟੇਰੇ ਦੁਕਾਨ ਮਾਲਕ ਨੂੰ ਦਾਤਰ ਮਾਰ ਕੇ ਜ਼ਖ਼ਮੀ ਵੀ ਕਰ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜੀ.ਕੇ. ਇੰਟਰਨੈਸ਼ਨਲ ਵੈਸਟਰਨ ਯੂਨੀਅਨ ਦੇ ਮਾਲਕ ਯਸ਼ਪਾਲ ਪੁੱਤਰ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਉਹ ਅੱਜ ਆਪਣੀ ਦੁਕਾਨ ’ਤੇ ਬੈਠਾ ਸੀ ਅਤੇ ਸਵਿਫ਼ਟ ਕਾਰ ਵਿੱਚ ਆਏ ਤਿੰਨ ਸਰਦਾਰ ਦਿੱਸਣ ਵਾਲੇ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਉੱਤਰ ਕੇ ਦੁਕਾਨ ਦੇ ਅੰਦਰ ਆਇਆ ਅਤੇ ਉਸਨੇ ਪੈਸੇ ਬੈਂਕ ਵਿੱਚ ਟਰਾਂਸਫਰ ਕਰਵਾਉਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੈਸੇ ਟਰਾਂਸਫਰ ਕਰ ਦੇਵਾਂਗੇ। ਜਿਸ ਉਪਰੰਤ ਉਹ ਵਿਅਕਤੀ ਬਾਹਰ ਚੱਲਾ ਗਿਆ ਅਤੇ ਆਪਣੀ ਸਾਥੀ ਨੂੰ ਨਾਲ ਲੈ ਕੇ ਅੰਦਰ ਆ ਗਿਆ। ਇਸੇ ਦੌਰਾਨ ਉਸਨੇ ਆਉਂਦਿਆ ਹੀ ਪਿਸਤੌਲ ਦਿਖਾਈ ਅਤੇ ਕਹਿਣ ਲੱਗਾ ਕਿ ਜੋ ਕੁਝ ਵੀ ਤੇਰੇ ਕੋਲ ਹੈ, ਸਭ ਕੁਝ ਬਾਹਰ ਕੱਢ ਦੇਵੇ।
ਜਦੋਂ ਉਸਨੇ ਪਿਸਤੌਲ ਦਾ ਵਿਰੋਧ ਕੀਤਾ ਤਾਂ ਉਸ ਨੇ ਇੱਕ ਦਾਤਰ ਕੱਢ ਕੇ ਉਸਦੇ ਮਾਰਿਆ ਜਿਸ ਨਾਲ ਉਹ ਮਾਮੂਲੀ ਜ਼ਖ਼ਮੀ ਵੀ ਹੋ ਗਿਆ ਅਤੇ ਉਹ ਗੱਲੇ ਵਿੱਚ ਪਈ ਕਰੀਬ ਢਾਈ ਲੱਖ ਰੁਪਏ ਦੀ ਤੋਂ ਵੱਧ ਦੀ ਰਕਮ ਅਤੇ ਇੱਕ ਲੈੱਪਟਾਪ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਜਾਣ ਵੇਲੇ ਦਾਤਰ ਉੱਥੇ ਹੀ ਛੱਡ ਗਏ।
ਉਨ੍ਹਾਂ ਦੱਸਿਆ ਕਿ ਕਰੀਬ 2.15 ਵਜੇ ਇਹ ਘਟਨਾ ਵਾਪਰੀ ਹੈ। ਜਦੋਂ ਉਨ੍ਹਾਂ ਨੇ ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ ਤਾਂ ਪੁਲੀਸ ਕਰੀਬ ਇੱਕ ਘੰਟਾ ਦੇਰੀ ਨਾਲ ਘਟਨਾ ਵਾਲੀ ਥਾਂ ’ਤੇ ਪੁੱਜੀ ਜਿਸ ਕਾਰਨ ਲਾਗਲੇ ਦੁਕਾਨਦਾਰਾਂ ਅਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਕਿ ਪੁਲੀਸ ਦੀ ਕਾਰਗੁਜਾਰੀ ਏਨ੍ਹੀ ਢਿੱਲੀ ਹੈ ਜਿਸ ਕਾਰਨ ਹੀ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਸ਼ਹਿ ਮਿਲ ਰਹੀ ਹੈ।
ਮੌਕੇ ’ਤੇ ਡੀ.ਐੱਸ.ਪੀ. ਅਸ਼ਰੂ ਰਾਮ ਪੁਲੀਸ ਪਾਰਟੀ ਸਮੇਤ ਪੁੱਜੇ ਅਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਇਹ ਲੁਟੇਰੇ ਚਿੱਟੇ ਰੰਗ ਦੀ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਨਜ਼ਦੀਕ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਉਨ੍ਹਾਂ ਦੀ ਫ਼ੁਟੇਜ ਆਈ ਹੈ। ਸਵਿਫ਼ਟ ਕਾਰ ਜੋ ਕਿ ਚਿੱਟੇ ਰੰਗ ਦੀ ਹੈ ਅਤੇ ਉਸ ਦੀਆਂ ਨੰਬਰ ਪਲੇਟਾਂ ਕਾਲੀਆਂ ਕੀਤੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।