ਗੁਰਦੇਵ ਸਿੰਘ ਗਹੂੰਣ
ਬਲਾਚੌਰ, 8 ਅਕਤੂਬਰ
ਬਲਾਚੌਰ ਹਲਕੇ ਦੇ ਸਿਆਸਤਦਾਨਾਂ ਦੀ ਸੌੜੀ ਸੋਚ ਕਾਰਨ ਤੇ ਆਜ਼ਾਦੀ ਦੇ 73 ਸਾਲ ਬੀਤਣ ਦੇ ਬਾਵਜੂਦ ਪਿੰਡ ਗਹੂੰਣ ਦੇ ਲੋਕ ਅਜੇ ਤੱਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ। ਬਲਾਚੌਰ ਤਹਿਸੀਲ ਦੇ 15 ਆਜ਼ਾਦੀ ਘੁਲਾਟੀਆਂ ਵਿੱਚੋਂ 5 ਪਿੰਡ ਗਹੂੰਣ ਦੇ ਹਨ।
ਪਿੰਡ ਦੇ ਆਲੇ-ਦੁਆਲੇ ਦੀ ਫਿਰਨੀ ਨੂੰ ਪੱਕਿਆਂ ਕਰਨ ਲਈ ਪਿੰਡ ਦੇ ਸਮੇਂ-ਸਮੇਂ ਬਣੇ ਹਰੇਕ ਸਰਪੰਚਾਂ ਨੇ ਹਲਕੇ ਦੇ ਵਿਧਾਇਕਾਂ ਅੱਗੇ ਅਪੀਲਾਂ ਕੀਤੀਆਂ ਹਨ, ਪਰ ਪਰਨਾਲਾ ਅਜੇ ਤੱਕ ਵੀ ਉੱਥੇ ਦਾ ਉੱਥੇ ਹੀ ਹੈ ਤੇ ਪਿੰਡ ਦੇ ਲੋਕ ਇਸ ਧੂੜ ਨੂੰ ਆਪਣੇ ਪਿੰਡੇ ‘ਤੇ ਹੰਢਾਉਂਦੇ ਹੋਏ ਸਾਹ, ਕੈਂਸਰ ਅਤੇ ਹੋਰ ਅਨੇਕਾਂ ਬੀਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ। ਪਿੰਡ ਦਾ ਕਮਿਊਨਿਟੀ ਸੈਂਟਰ ਅਤੇ ਇਸ ਦੀ ਚਾਰ-ਦੀਵਾਰੀ ਅਤੇ ਐੱਸਸੀ ਧਰਮਸ਼ਾਲਾ ਅਧਰੂੀ ਪਈ ਹੈ, ਮੁੱਖ ਗਲੀ ’ਚ ਹਮੇਸ਼ਾ ਕੁੰਭੀ ਨਰਕ ਬਣਿਆ ਰਹਿੰਦਾ ਹੈ, ਸੀਵਰੇਜ ਦੀ ਅਣਹੋਂਦ ਹੈ ਤੇ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਦਾ ਕੋਈ ਪ੍ਰਬੰਧ ਨਹੀਂ, ਬਲਾਚੌਰ-ਗਹੂੰਣ ਲਿੰਕ ਸੜਕ 66 ਫੁੱਟ ਚੌੜੀ ਹੋਣ ਦੇ ਬਾਵਜੂਦ ਹਮੇਸ਼ਾ ਟੁੱਟ-ਫੁੱਟ ਦਾ ਸ਼ਿਕਾਰ ਰਹਿੰਦੀ ਹੈ ਅਤੇ ਚੌੜੀ ਕਰਨ ਲਈ ਸਿਆਸਤਦਾਨਾਂ ਦੀ ਕਦੇ ਵੀ ਨਜ਼ਰ ਸਵੱਲੀ ਨਹੀਂ ਹੋਈ। ਪਿੰਡ ਦੇ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅਪਗਰੇਡ ਕਰਨ ਹਿਤ ਪਿੰਡ ਦੀ ਪੰਚਾਇਤ ਅਤੇ ਗਰੀਬ ਲੋਕਾਂ ਦੇ ਮਿੰਨਤਾਂ-ਤਰਲਿਆਂ ਦਾ ਵੀ ਰਾਜਨੀਤੀਵਾਨਾਂ ‘ਤੇ ਕੋਈ ਅਸਰ ਨਹੀਂ ਹੋਇਆ। ਪਿੰਡ ਗਹੂੰਣ ਦੇ ਸਮੂਹ ਲੋਕਾਂ ਦੀ ਪੰਜਾਬ ਸਰਕਾਰ ਅਤੇ ਵਿਧਾਇਕ ਬਲਾਚੌਰ ਤੋਂ ਪੁਰਜ਼ੋਰ ਮੰਗ ਹੈ ਕਿ ਪਿੰਡ ਦੇ ਵਿਕਾਸ ਸਬੰਧੀ ਵਿਕਾਸ ਗਰਾਂਟਾਂ ਜਾਰੀ ਕੀਤੀਆਂ ਤਾਂ ਜੋ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਹੋ ਸਕੇ।