ਪੱਤਰ ਪ੍ਰੇਰਕ
ਟਾਂਡਾ, 26 ਜੁਲਾਈ
ਅੱਜ ਇੱਥੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਦਾਰਾਪੁਰ ਬਾਈਪਾਸ ਨੇੜੇ ਹੋਏ ਸੜਕ ਹਾਦਸੇ ਵਿੱਚ ਕਾਰ ਦੀ ਲਪੇਟ ’ਚ ਆਉਣ ਨਾਲ ਐਕਟਿਵਾ ਸਵਾਰ ਮਾਂ-ਧੀ ਦੀ ਮੌਤ ਹੋ ਗਈ। ਇਹ ਹਾਦਸਾ ਕਰੀਬ ਪੌਣੇ 12 ਵਜੇ ਉਸ ਸਮੇਂ ਵਾਪਰਿਆ ਜਦੋਂ ਐਕਟਿਵਾ ਸਵਾਰ ਮਾਂ-ਧੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵਾਂ ਦੀ ਮੌਤ ਹੋ ਗਈ। ਕਾਰ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਸੰਗੀਤਾ ਭਾਰਦਵਾਜ ਪਤਨੀ ਮਰਹੂਮ ਕਮਲ ਭਾਰਦਵਾਜ ਅਤੇ ਉਸ ਦੀ ਬੇਟੀ ਪ੍ਰਿਆ ਭਾਰਦਵਾਜ ਵਾਸੀ ਖੁੱਡਾ ਵਜੋਂ ਹੋਈ ਹੈ।
ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਕੀਤੀ ਅਤੇ ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਟੱਕਰ ਤੋਂ ਬਾਅਦ ਦੋਵੇਂ ਵਾਹਨ ਦੂਰ ਜਾ ਡਿੱਗੇ ਸਨ।
ਕਾਰ ਤੇ ਐਕਟਿਵਾ ਦੀ ਸਿੱਧੀ ਟੱਕਰ ’ਚ ਨਣਾਨ-ਭਰਜਾਈ ਹਲਾਕ
ਸ਼ਾਹਕੋਟ (ਪੱਤਰ ਪ੍ਰੇਰਕ): ਦੇਰ ਸ਼ਾਮ ਮਲਸੀਆਂ-ਨਕੋਦਰ ਮਾਰਗ ’ਤੇ ਕਾਰ ਤੇ ਐਕਟਿਵਾ ਦੀ ਆਹਮੋ-ਸਾਹਮਣੀ ਟੱਕਰ ’ਚ ਨਣਾਨ-ਭਰਜਾਈ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਸੁਮਨ ਕੁਮਾਰੀ ਪਤਨੀ ਪਲਵਿੰਦਰ ਸਿੰਘ ਤੇ ਆਪਣੀ ਭਰਜਾਈ ਕਿਸਮਤ ਨਕੋਦਰ ਨੂੰ ਜਾ ਰਹੀ ਸੀ। ਸਰਦਾਰ ਦਰਬਾਰਾ ਸਿੰਘ ਗਵਰਨਰ ਰਾਜਸਥਾਨ ਦੀ ਯਾਦਗਾਰ ਕੋਲ ਪੁੱਜਣ ’ਤੇ ਸਾਹਮਣੇ ਤੋੋਂ ਆ ਰਹੀ ਕਾਰ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿਚ ਸੁਮਨ ਕੁਮਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਕਿਸਮਤ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਚਾਲਕ ਕਾਰ ਛੱਡ ਕੇ ਭੱਜ ਗਿਆ। ਪੁਲੀਸ ਚੌਕੀ ਮਲਸੀਆਂ ਦੇ ਇਚਾਰਜ ਸੰਜੀਵਨ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਪਹੁੰਚਾ ਦਿੱਤਾ ਹੈ। ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।