ਪੱਤਰ ਪ੍ਰੇਰਕ
ਫਗਵਾੜਾ, 4 ਅਕਤੂਬਰ
ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਸਥਿਤ ਪਿੰਡ ਖਾਟੀ ਲਾਗੇ ਅੱਜ ਸ਼ਾਮ ਇੱਕ ਹਾਦਸੇ ’ਚ ਭੈਣ-ਭਰਾ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ (24) ਪੁੱਤਰ ਸੇਵਾ ਸਿੰਘ ਵਾਸੀ ਪਿੰਡ ਸੀਕਰੀ ਤੇ ਗੁਰਪ੍ਰੀਤ ਕੌਰ (23) ਪੁੱਤਰੀ ਸਤਨਾਮ ਸਿੰਘ ਵਾਸੀ ਰਾਹੋਂ ਰੋਡ ਬੂਥਗੜ੍ਹ ਲੁਧਿਆਣਾ ਵਜੋਂ ਹੋਈ ਹੈ। ਐੱਸਐੱਚਓ ਸਦਰ ਅਮਨਦੀਪ ਨਾਹਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਆਪਣੇ ਮਾਮੇ ਦੀ ਧੀ ਗੁਰਪ੍ਰੀਤ ਕੌਰ ਨੂੰ ਲੁਧਿਆਣਾ ਤੋਂ ਲੈ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਉਹ ਜਦੋਂ ਖਾਟੀ ਲਾਗੇ ਪੁੱਜੇ ਤਾਂ ਗ਼ਲਤ ਪਾਸੇ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਰ ਕੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ।