ਜਗਜੀਤ ਸਿੰਘ
ਮੁਕੇਰੀਆਂ, 31 ਮਾਰਚ
ਜੰਗਲਾਤ ਦੀ ਜ਼ਮੀਨ ਵਾਹੁਣ ਅਤੇ ਕਰੀਬ 1300 ਦਰੱਖਤ ਕੱਟਣ ਦੇ ਮਾਮਲੇ ਵਿੱਚ ਪੁਲੀਸ ਵਲੋਂ ਕਿਸਾਨ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਖਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ 29-30 ਮਾਰਚ ਦੀ ਅੱਧੀ ਰਾਤ ਤੋਂ ਥਾਣੇ ਦੀ ਇਮਾਰਤ ਅੰਦਰ ਮੂਹਰੇ ਲਗਾਏ ਧਰਨੇ ਦੌਰਾਨ ਆਗੂਆਂ ਨੇ ਕਿਸਾਨ ਦੀ ਰਿਹਾਈ ਤੱਕ ਪੱਕਾ ਧਰਨਾ ਰੱਖਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸੰਘਰਸ਼ ਕਮੇਟੀ ਵਲੋਂ ਥਾਣੇ ਦੇ ਗੇਟ ਵਿੱਚ ਪੰਜਾਬ ਸਰਕਾਰ ਤੇ ਪੁਲੀਸ ਦਾ ਪੁਤਲਾ ਫੂਕਿਆ ਗਿਆ। ਥਾਣੇ ਅੰਦਰ ਧਰਨਾ ਲੱਗਣ ਕਾਰਨ ਪੁਲੀਸ ਮੁਲਾਜ਼ਮ ਬਾਜ਼ਾਰ ਵਿਚਲੀਆਂ ਰੇਹੜੀਆਂ/ਦੁਕਾਨਾਂ ਅੰਦਰ ਬੈਠਣ ਲਈ ਮਜਬੂਰ ਹਨ, ਜਦੋਂ ਕਿ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਪੀੜਤਾਂ ਦੇ ਬਿਆਨ ਲਿਖਣ ਵਾਲੇ ਟੇਬਲ ’ਤੇ ਕਬਜ਼ਾ ਕਰਕੇ ਧਰਨੇ ਵਿੱਚ ਸ਼ਾਮਲ ਕਾਰਕੁਨਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇਣ ਲਈ ਟੀਮ ਬਿਠਾਈ ਹੋਈ ਹੈ। 17 ਮਾਰਚ ਨੂੰ ਕੁਝ ਲੋਕਾਂ ਵਲੋਂ ਜੰਗਲਾਤ ਰਕਬੇ ਵਿੱਚ ਲੱਗੇ ਕਰੀਬ 1300 ਬੂਟੇ ਕੱਟ ਕੇ ਜੰਗਲਾਤ ਰਕਬੇ ’ਤੇ ਕਬਜ਼ਾ ਕਰ ਲਿਆ ਸੀ। ਇਸ ਮਾਮਲੇ ਵਿੱਚ ਕਿਸਾਨ ਨਿਰਮਲ ਸਿੰਘ ਸਮੇਤ ਕਰੀਬ 10 ਲੋਕਾਂ ਖ਼ਿਲਾਫ਼ ਜੰਗਲਾਤ ਵਿਭਾਗ ਦੀ ਸ਼ਿਕਾਇਤ ’ਤੇ ਮੁਕੇਰੀਆਂ ਪੁਲੀਸ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ 23 ਮਾਰਚ ਨੂੰ ਕੁਝ ਲੋਕਾਂ ਵਲੋਂ ਜੰਗਲਾਤ ਰਕਬੇ ਵਿੱਚ ਦਰੱਖਤਾਂ ਨੂੰ ਲਗਾਈ ਅੱਗ ਤੇ ਟਰੈਕਟਰਾਂ ਨਾਲ ਖੇਤ ਵਾਹ ਕੇ ਜੰਗਲਾਤ ਦੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਜੰਗਲਾਤ ਵਿਭਾਗ ਨੇ ਨਿਰਮਲ ਸਿੰਘ ਤੇ ਹੋਰਾਂ ਖਿਲਾਫ਼ ਭਾਰਤੀ ਵਣ ਐਕਟ ਅਤੇ ਜੰਗਲੀ ਜੀਵ ਸੁਰੱਖਿਆ ਐਕਟ ਅਧੀਨ ਸ਼ਿਕਾਇਤ ਕੀਤੀ ਹੋਈ ਸੀ, ਜਿਸ ਤੋਂ ਬਾਅਦ ਕਿਸਾਨ ਨੂੰ ਪੁਲੀਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੌਕੇ ਗੁਰਪ੍ਰਤਾਪ ਸਿੰਘ, ਅਵਤਾਰ ਸਿੰਘ, ਉਂਕਾਰ ਸਿੰਘ, ਦਵਿੰਦਰ ਕੌਰ, ਪਰਮਜੀਤ ਸਿੰਘ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਸ਼ਾਮ ਸਿੰਘ ਸ਼ਾਮਾ, ਅਮਰਜੀਤ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਮਹਿੰਦਰ ਸਿੰਘ, ਰਣਜੀਤ ਸਿੰਘ ਅਤੇ ਤਾਰਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਘਰਸ਼ ਕਮੇਟੀ ਦੇ ਕਾਰਕੁਨ ਹਾਜ਼ਰ ਸਨ। ਐੱਸਐੱਸਪੀ ਹੁਸ਼ਿਆਰਪੁਰ ਧਰੁਮਨ ਨਿੰਬਲੇ ਨੇ ਕਿਹਾ ਕਿ ਨਿਰਮਲ ਸਿੰਘ ਖਿਲਾਫ਼ ਦਰਜ ਅਪਰਾਧਿਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਕਾਰਵਾਈ ਪੂਰੀ ਹੋਣ ਉਪਰੰਤ ਹੀ ਰਿਹਾਈ ਹੋਵੇਗੀ।