ਪੱਤਰ ਪ੍ਰੇਰਕ
ਤਲਵਾੜਾ, 7 ਜਨਵਰੀ
ਇੱਥੋਂ ਦੀ ਨਗਰ ਕੌਂਸਲ ਵਿਚ ਪ੍ਰਧਾਨ ਅਤੇ ਕੌਂਸਲਰਾਂ ਵਿਚਾਲੇ ਚੱਲ ਰਿਹਾ ਰੇੜਕਾ ਜਾਰੀ ਹੈ। ਅੱਜ ਨਗਰ ਕੌਂਸਲ ਦਫ਼ਤਰ ਵਿਚ ਪ੍ਰਧਾਨ ਵਿਰੁੱਧ ਰੱਖੇ ਬੇਭਰੋਸਗੀ ਮਤੇ ਪਾਉਣ ਲਈ ਸੱਦੀ ਮੀਟਿੰਗ ਐੱਸਡੀਐਮ ਮੁਕੇਰੀਆਂ ਦੇ ਨਾ ਆਉਣ ਕਾਰਨ ਮੁੜ ਇੱਕ ਵਾਰ ਫ਼ਿਰ ਅੱਗੇ ਪਾਈ ਗਈ। 13 ਮੈਂਬਰੀ ਤਲਵਾੜਾ ਨਗਰ ਕੌਂਸਲ ’ਚ ਕਾਂਗਰਸ ਦਾ ਬਹੁਮਤ ਹੈ, ਜਦਕਿ ਇੱਕ ਮੈਂਬਰ ਭਾਜਪਾ ਦਾ ਹੈ। ਹਲਕਾ ਵਿਧਾਇਕ ਦੀ ਨਜ਼ਦੀਕੀ ਮੋਨਿਕਾ ਸ਼ਰਮਾ ਨਗਰ ਕੌਂਸਲ ਤਲਵਾੜਾ ਦੀ ਪ੍ਰਧਾਨ ਹੈ। ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਕਾਂਗਰਸ ਦੇ 9 ਕੌਂਸਲਰ ਮੋਨਿਕਾ ਸ਼ਰਮਾ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਬਾਗੀ ਸੁਰ ਅਲਾਪ ਰਹੇ ਕੌਂਸਲਰਾਂ ਦੀ ਮੰਗ ’ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਉਪ ਮੰਡਲ ਮੈਜਿਸਟਰੇਟ ਮੁਕੇਰੀਆਂ ਨੂੰ ਓਬਜ਼ਰਵਰ ਨਿਯੁਕਤ ਕਰਕੇ ਅੱਜ 11 ਵਜੇ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਬਾਬਤ ਮੀਟਿੰਗ ਸੱਦੀ ਸੀ। ਕਾਰਜ ਸਾਧਕ ਅਫ਼ਸਰ ਸਿਮਰਨ ਸਿੰਘ ਢੀਂਡਸਾ ਨੇ ਦੱਸਿਆ ਕਿ ਹੁਣ ਇਹ ਮੀਟਿੰਗ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ 10 ਤਾਰੀਕ ਨੂੰ ਬਾਅਦ ਦੁਪਹਿਰ 3 ਵਜੇ ਰੱਖੀ ਗਈ ਹੈ।