ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਨਵੰਬਰ
ਇੱਥੋਂ ਦੇ ਸ਼ਿਵ ਨਗਰ ਇਲਾਕੇ ਵਿਚ ਲੈਂਟਰ ਤੋੜਨ ਦਾ ਠੇਕਾ ਲੈਣ ਵਾਲੇ ਇਕ ਜਣੇ ਦਾ ਦਿਨ ਦਿਹਾੜੇ ਕਤਲ ਹੋ ਗਿਆ। ਮ੍ਰਿਤਕ ਦੀ ਪਛਾਣ ਹਨੀਫ ਅਨਸਾਰੀ (36) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਹਰਿੰਦਰ ਸਿੰਘ ਅਤੇ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਐੱਸਐੱਚਓ ਰਮਨਦੀਪ ਸਿੰਘ ਮੌਕੇ ’ਤੇ ਪਹੁੰਚ ਗਏ। ਮ੍ਰਿਤਕ ਦੇ ਸਿਰ ਅਤੇ ਚਿਹਰੇ ’ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਸਨ। ਇਸ ਸਬੰਧੀ ਐੱਸਐੱਚਓ ਰਮਨਦੀਪ ਸਿੰਘ ਨੇ ਦੱਸਿਆ ਕਿ ਹਨੀਫ ਲੈਂਟਰ ਤੋੜਨ ਦੇ ਠੇਕੇ ਲੈਂਦਾ ਸੀ। ਉਸ ਦੇ ਨਾਲ ਰਹਿੰਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਸਵੇਰੇ ਉਹ ਕੰਮ ’ਤੇ ਜਾਣ ਤੋਂ ਪਹਿਲਾਂ ਹਨੀਫ ਨੂੰ ਮਿਲ ਕੇ ਗਿਆ ਸੀ। ਉਦੋਂ ਸਾਰਾ ਕੁਝ ਠੀਕ-ਠਾਕ ਸੀ ਪਰ ਦੁਪਹਿਰ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਹਨੀਫ ਦੀ ਲਾਸ਼ ਖ਼ੂਨ ਨਾਲ ਲੱਥਪੱਥ ਪਈ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਸੀ ਕਿ ਹਨੀਫ ਦਾ ਆਪਣੇ ਮਕਾਨ ਮਾਲਕ ਨਾਲ ਕਬੂਤਰਾਂ ਨੂੰ ਲੈ ਕੇ ਝਗੜਾ ਹੋਇਆ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਵਿਚ ਜਲੰਧਰ ਸ਼ਹਿਰ ’ਚ ਦੋ ਕਤਲ ਹੋ ਜਾਣ ਨਾਲ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਉਧਰ, ਪੁਲੀਸ ਨੇ ਦਾਅਵਾ ਕੀਤਾ ਕਿ ਹਨੀਫ ਦੇ ਕਾਤਲਾਂ ਦੀ ਪੈੜ ਜਲਦੀ ਹੀ ਨੱਪ ਲਈ ਜਾਵੇਗੀ। ਪੁਲੀਸ ਨੇ ਮੌਕੇ ’ਤੇ ਸੁਰਾਗ ਲੱਭਣ ਦੀ ਕੋਸ਼ਿਸ ਵੀ ਕੀਤੀ।