ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਮਈ
ਇਥੋਂ ਦੇ ਕਪੂਰਥਲਾ ਚੌਕ ਨੇੜਲੇ ਮੰਡ ਕੰਪਲੈਕਸ ’ਚ ਅੱਜ ਤੜਕੇ ਤਿੰਨ ਵਜੇ ਦੇ ਕਰੀਬ ਇੱਕ ਚੌਕੀਦਾਰ ਦਾ ਕਤਲ ਹੋ ਗਿਆ। ਮ੍ਰਿਤਕ ਦੀ ਪਛਾਣ ਰਜਿੰਦਰ ਉਰਫ ਕਾਲਾ (54) ਵਾਸੀ ਬਸਤੀ ਪੀਰਦਾਦ ਵਜੋਂ ਹੋਈ ਹੈ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਤੜਕੇ ਵਾਪਰੀ। ਪੁਲੀਸ ਨੇ ਇਸ ਮਾਮਲੇ ਵਿੱਚ ਰਾਜੂ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਬਾੜ ਦਾ ਕੰਮ ਕਰਦਾ ਹੈ। ਪੁੱਛਗਿੱਛ ਦੌਰਾਨ ਰਾਜੂ ਨੇ ਦੱਸਿਆ ਕਿ ਉਸ ਨੇ ਚੌਕੀਦਾਰ ਰਜਿੰਦਰ ਉਰਫ ਕਾਲਾ ਦਾ ਕਤਲ ਉਦੋਂ ਕੀਤਾ ਜਦੋਂ ਉਹ ਮੰਡ ਕੰਪਲੈਕਸ ਦੇ ਬਾਹਰ ਸੁੱਤਾ ਪਿਆ ਸੀ। ਪੁਲੀਸ ਅਨੁਸਾਰ ਕਤਲ ਦਾ ਕਾਰਨ ਇਹ ਸੀ ਕਿ ਇੱਕ ਮਹੀਨਾ ਪਹਿਲਾਂ ਰਜਿੰਦਰ ਕਾਲਾ ਅਤੇ ਰਾਜੂ ਦੇ ਵਿਚਾਲੇ ਝਗੜਾ ਹੋਇਆ ਸੀ। ਇਸ ਵਿੱਚ ਕਾਲੇ ਨੇ ਕਾਬੜੀਏ ਰਾਜੂ ਦੀ ਕੁੱਟਮਾਰ ਕੀਤੀ ਸੀ। ਭਾਵੇਂ ਕਿ ਦੋਵਾਂ ਵਿੱਜ ਰਾਜ਼ੀਨਾਮਾ ਹੋ ਗਿਆ ਸੀ ਪਰ ਰਾਜੂ ਨੇ ਖੁੰਦਕ ਰੱਖੀ ਅਤੇ ਚੌਕੀਦਾਰ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਰਾਜੂ ਮੌਕੇ ਤੋਂ ਫ਼ਰਾਰ ਹੋ ਗਿਆ। ਏਸੀਪੀ ਸੈਂਟਰਲ ਬਰਜਿੰਦਰ ਸਿੰਘ ਅਤੇ ਥਾਣਾ ਡਿਵੀਜ਼ਨ ਨੰਬਰ ਦੋ ਦੇ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲੀਸ ਨੂੰ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ਼ ਮਿਲ ਗਈ ਜਿਸ ਵਿੱਚ ਕਤਲ ਦੀ ਘਟਨਾ ਕੈਦ ਹੋ ਗਈ ਸੀ। ਇਸੇ ਦੇ ਆਧਾਰ ’ਤੇ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਕਥਿਤ ਦੋਸ਼ੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।