ਪੱਤਰ ਪ੍ਰੇਰਕ
ਮੁਕੇਰੀਆਂ, 17 ਜੁਲਾਈ
ਬੀਤੀ ਰਾਤ ਪਿੰਡ ਲੰਗਾਹ ਦੇ ਇਕ ਨੌਜਵਾਨ ਨੂੰ ਦੁਕਾਨ ਬੰਦ ਕਰਕੇ ਘਰ ਵਾਪਸ ਜਾਂਦੇ ਸਮੇਂ ਕੁਝ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਦੀ ਸ਼ਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਹਮਲਾਵਰਾਂ ਵਿੱਚ ਇੱਕ ਫੌਜੀ ਵੀ ਸ਼ਾਮਲ ਹੈ, ਜਿਹੜਾ ਕਿ ਛੁੱਟੀ ਆਇਆ ਹੋਇਆ ਸੀ। ਮੁਕੇਰੀਆਂ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਆਰੰਭ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਰੋਹਿਤ ਕੁਮਾਰ (30) ਪੁੱਤਰ ਸਾਬਕਾ ਸਰਪੰਚ ਸੁਦੇਸ਼ ਕੁਮਾਰ ਵਾਸੀ ਪਿੰਡ ਲੰਗਾਹ ਕਸਬਾ ਐਮਾਂ ਮਾਂਗਟ ਵਿਖੇ ਟੋਨੀ ਹਾਰਡਵੇਅਰ ਐਂਡ ਸੈਨੇਟਰੀ ਨਾਮੀ ਦੁਕਾਨ ਕਰਦਾ ਹੈ। ਬੀਤੀ ਦੇਰ ਸ਼ਾਮ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੀ ਕਾਰ ਉੱਤੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਤਾਂ ਘਰ ਦੇ ਨੇੜੇ ਪੁੱਜਦਿਆਂ ਹੀ ਉਸ ਨੂੰ ਪਿੱਛਾ ਕਰ ਰਹੇ ਉਸਦੇ ਸ਼ਰੀਕੇ ‘ਚੋਂ ਜੀਜਾ ਲੱਗਦੇ ਯੋਗੇਸ਼ ਕੁਮਾਰ ਤੇ ਉਸਦੇ ਇੱਕ ਸਾਥੀ ਨੇ ਤੇਜ਼ਧਾਰਾ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ਼ ਜ਼ਖਮੀ ਕਰ ਦਿੱਤਾ। ਗੰਭੀਰ ਜਖ਼ਮੀ ਹੋਏ ਨੌਜਵਾਨ ਨੂੰ ਸਥਾਨਕ ਲੋਕਾਂ ਦੀ ਮੱਦਦ ਨਾਲ ਸਿਵਲ ਹਸਪਤਾਲ ਮੁਕੇਰੀਆਂ ਲਿਆਂਦਾ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਪੁਲੀਸ ਨੇ ਮ੍ਰਿਤਕ ਦੀ ਭਰਜਾਈ ਨੀਤੂ ਬਾਲਾ ਪਤਨੀ ਹਰਮੇਸ਼ ਕੁਮਾਰ ਦੇ ਬਿਆਨਾਂ ’ਤੇ ਮੁਲਜ਼ਮ ਯੋਗੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਬੁੱਧੂਪੁਰ ਤੇ ਉਸਦੇ ਇਕ ਹੋਰ ਸਾਥੀ ਤੇ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।