ਪੱਤਰ ਪ੍ਰੇਰਕ
ਟਾਂਡਾ, 3 ਫਰਵਰੀ
ਇਥੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਅੱਜ ਬਿਜਲੀ ਘਰ ਚੌਕ ’ਚ ਪ੍ਰਾਈਵੇਟ ਸਕੂਲ ਫੈਡਰੇਸ਼ਨ, ਜ਼ਿਲ੍ਹਾ ਸਕੂਲ ਟਰਾਂਸਪੋਰਟ ਤੇ ਕਿਸਾਨ ਜਥੇਬੰਦੀਆਂ ਨੇ ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਵਰ੍ਹਦੇ ਮੀਂਹ ਵਿੱਚ ਕਰੀਬ ਦੋ ਘੰਟੇ ਕੌਮੀ ਮਾਰਗ ਜਾਮ ਕਰਕੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜ਼ਿਲ੍ਹੇ ਦੇ ਟਾਂਡਾ, ਦਸੂਹਾ, ਮੁਕੇਰੀਆਂ ਅਤੇ ਬੁੱਲ੍ਹੋਵਾਲ ਤੋਂ ਪੁੱਜੇ ਸਕੂਲ ਟਰਾਂਸਪੋਰਟਰਾਂ, ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ, ਕਿਸਾਨ ਜਥੇਬੰਦੀਆਂ, ਵਿਦਿਆਰਥੀਆਂ ਦੇ ਮਾਪਿਆਂ ਤੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈ ਕੇ ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਕੋਲੋਂ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਕੀਤੀ। ਇਸ ਰੋਸ ਪ੍ਰਦਰਸ਼ਨ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਤੇ ਆਜ਼ਾਦ ਕਿਸਾਨ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਰੜਾ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਰਾਜਨੀਤਕ ਲੋਕਾਂ ਨੂੰ ਕਰੋਨਾ ਕਾਲ ਵਿਚ ਰੈਲੀਆਂ ਕਰਨ ਦੀ ਖੁੱਲ੍ਹ ਦੇ ਸਕਦੀ ਹੈ ਤਾਂ ਫਿਰ ਬੱਚਿਆਂ ਨੂੰ ਸਕੂਲ ਬੰਦ ਕਰਕੇ ਸਿੱਖਿਆ ਤੋਂ ਵਾਂਝਾ ਕਿਉਂ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਰਾਜਾ, ਜ਼ਿਲ੍ਹਾ ਸਕੂਲ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ, ਰਾਜਿੰਦਰ ਸਿੰਘ ਮਾਰਸ਼ਲ, ਕੁਲਵੰਤ ਸਿੰਘ, ਹਰਿੰਦਰ ਸਿੰਘ ਟੇਰਕਿਆਣਾ, ਨਵਦੀਪ ਸਿੰਘ ਵਿਰਕ, ਸੋਨੂੰ ਜਹੂਰਾ ਹਾਜ਼ਰ ਸਨ।
ਇਸ ਮੌਕੇ ਐਸੱਡੀਐੱਮ ਦਸੂਹਾ ਰਣਦੀਪ ਸਿੰਘ ਹੀਰ, ਡੀਐੱਸਪੀ ਰਾਜ ਕੁਮਾਰ ਤੇ ਡੀਐੱਸਪੀ ਸਤਿੰਦਰ ਚੱਢਾ ਵੱਲੋਂ ਪਹੁੰਚ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਮੀਟਿੰਗ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਜਾਮ ਖੋਲ੍ਹਿਆ ਗਿਆ।