ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 2 ਸਤੰਬਰ
ਅਲਾਵਲਪੁਰ ਨਗਰ ਕੌਂਸਲ ਦੀ ਮੀਟਿੰਗ ਜਲੰਧਰ ਦੇ ਐੱਸ.ਡੀ.ਐੱਮ. ਜੈਇੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਕਰਵਾਈ ਗਈ ਅਤੇ ਚੁਣੇ ਹੋਏ ਮੈਬਰਾ ਨੂੰ ਸਹੁੰ ਵੀ ਚੁਕਾਈ ਗਈ। ਮੀਟਿੰਗ ਵਿੱਚ ਕਾਰਜਸਾਧਕ ਅਫਸਰ ਰਾਮਜੀਤ ਅਤੇ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਵੀ ਸ਼ਾਮਿਲ ਹੋਏ।
ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਲਈ ਕੁੱਲ 11 ਕੌਂਸਲਰ ਇਸ ਮੀਟਿੰਗ ਵਿੱਚ ਪਹੁੰਚੇ। ਇਨ੍ਹਾਂ ਵਿੱਚੋਂ 5 ਕੌਂਸਲਰ ਕਵਿਤਾ ਰਾਣੀ, ਮਦਨ ਲਾਲ ਮੱਦੀ, ਪੰਕਜ ਸ਼ਰਮਾ, ਜਸਵੀਰ ਕੌਰ ਤੇ ਰਸ਼ਮੀ ਦੇਵੀ ਸਹੁੰ ਚੁੱਕਣ ਤੋਂ ਬਾਅਦ ਨਗਰ ਕੌਂਸਲ ’ਚੋਂ ਚਲੇ ਗਏ। ਬਾਕੀ ਬਚੇ ਛੇ ਕੌਂਸਲਰਾਂ ਅਤੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਨੀਲਮ ਰਾਣੀ ਨੂੰ ਪ੍ਰਧਾਨ ਅਤੇ ਮੁਕੱਦਰ ਲਾਲ ਨੂੰ ਉਪ ਪ੍ਰਧਾਨ ਚੁਣ ਲਿਆ। ਪਿਛਲੇ ਲਗਭਗ ਡੇਢ ਸਾਲ ਤੋਂ ਅਲਾਵਲਪੁਰ ਨਗਰ ਕੌਂਸਲ ਵਿੱਚ ਪ੍ਰਧਾਨਗੀ ਦੀ ਚੋਣ ਕਈ ਵਾਰ ਮੁਲਤਵੀ ਹੋ ਚੁੱਕੀ ਸੀ।
ਲੇਕਿਨ ਇਸ ਵਾਰ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਨੇ 6 ਕੌਂਸਲਰਾਂ ਨੂੰ ਇੱਕਜੁੱਟ ਕਰ ਕੇ ਆਪਣਾ ਪ੍ਰਧਾਨ ਤੇ ਉਪ ਪ੍ਰਧਾਨ ਬਣਾ ਕੇ ਨਗਰ ਕੌਂਸਲ ’ਤੇ ਆਪਣਾ ਬਹੁਮਤ ਸਿੱਧ ਕੀਤਾ।