ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 22 ਅਗਸਤ
ਬਲਾਚੌਰ ਸਬ ਡਵੀਜ਼ਨ ਦੇ ਪੋਜੇਵਾਲ ਥਾਣੇ ਵਿੱਚ ਪੈਂਦੇ ਪਿੰਡ ਸੰਢਰੇਵਾਲ ਵਿੱਚ ਗੋਲੀ ਲੱਗਣ ਕਾਰਨ 50 ਸਾਲ ਦੀ ਉਮਰ ਦੇ ਰਾਜ ਕੁਮਾਰ ਪੁੱਤਰ ਦਇਆ ਰਾਮ ਵਾਸੀ ਸੰਢਰੇਵਾਲ ਹਲਾਕ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੰਢਰੇਵਾਲ ਵਾਸੀ ਅਸ਼ੋਕ ਕੁਮਾਰ ਪੁੱਤਰ ਰਾਮ ਨਾਥ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਇਸ ਚਲਾਈ ਗੋਲੀ ਨਾਲ ਉਨ੍ਹਾਂ ਦੇ ਗੁਆਂਢੀ ਰਾਜ ਕੁਮਾਰ ਪੁੱਤਰ ਦਇਆ ਰਾਮ ਦੀ ਮੌਤ ਹੋ ਗਈ। ਗੋਲੀ ਚੱਲਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਸੀ। ਖਬਰ ਲਿਖੇ ਜਾਣ ਤੱਕ ਪੋਜੇਵਾਲ ਪੁਲੀਸ ਵੱਲੋਂ ਤਫਤੀਸ਼ ਜਾਰੀ ਸੀ।
ਸਕੂਲ ਦੇ ਵਿਦਿਆਰਥੀ ਉੱਤੇ ਹਮਲਾ
ਜਲੰਧਰ (ਨਿੱਜੀ ਪੱਤਰ ਪ੍ਰੇਰਕ) ਇੱਥੋਂ ਦੇ ਲਾਡੋਵਾਲੀ ਰੋਡ ’ਤੇ ਸਥਿਤ ਸਕੂਲ ਦੇ ਗੇਟ ’ਤੇ ਇੱਕ ਵਿਦਿਆਰਥੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ। ਪੀੜਤ ਵਿਦਿਆਰਥੀ 12ਵੀਂ ਜਮਾਤ ਵਿੱਚ ਪੜ੍ਹਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਸ ਧਿਰ ਨੇ ਵਿਦਿਆਰਥੀ `ਤੇ ਹਮਲਾ ਕੀਤਾ ਹੈ, ਉਹ ਪੀੜਤ ਵਿਦਿਆਰਥੀ ਦੇ ਰਿਸ਼ਤੇਦਾਰ ਹਨ ਅਤੇ ਇਹ ਹਮਲੇ ਦਾ ਕਾਰਨ ਪੁਰਾਣੀ ਖੰਦੁਕ ਦੱਸਿਆ ਜਾ ਰਿਹਾ ਹੈ। ਜ਼ਖ਼ਮੀ ਵਿਦਿਆਰਥੀ ਜਸਲੀਨ ਦੇ ਪਿਤਾ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾ ਦਾ ਲੜਕਾ ਸਕੂਲ ਵਿੱਚ ਪ੍ਰੀਖਿਆ ਦੇਣ ਗਿਆ ਸੀ। ਇਮਤਿਹਾਨ ਦੇਣ ਤੋਂ ਬਾਅਦ ਜਿਵੇਂ ਹੀ ਉਹ ਸਕੂਲ ਤੋਂ ਬਾਹਰ ਆਇਆ ਤਾਂ ਪਹਿਲਾਂ ਤੋਂ ਹੀ ਸ਼ਹਿ ਲਾ ਕੇ ਬੈਠੇ ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਹਮਲਾਵਰ ਭੱਜ ਗਏ। ਸ਼ਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ। ਇਹ ਘਟਨਾ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ।