ਸੁਰਜੀਤ ਮਜਾਰੀ
ਨਵਾਂ ਸ਼ਹਿਰ, 1 ਦਸੰਬਰ
ਤਿੰਨ ਪੀੜ੍ਹੀਆਂ ਤੋਂ ਇਸ ਹਲਕੇ ’ਤੇ ਕਾਬਜ਼ ਕਾਂਗਰਸ ਦੇ ਪਰਿਵਾਰ ਨੂੰ ਇਸ ਵਾਰ ਦੀਆਂ ਚੋਣਾਂ ’ਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਪਹਿਲੀ ਚੁਣੌਤੀ ਵਜੋਂ ਉਸ ਦੇ ਮੁਕਾਬਲੇ ’ਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਪਈ ਸਾਂਝ ਹੈ ਜੋ ਕਿ ਕਾਂਗਰਸ ਦੇ ਮੁਕਾਬਲੇ ਵਾਰੋ ਵਾਰੀ ਦੂਜੇ ਸਥਾਨ ’ਤੇ ਰਹਿੰਦੀਆਂ ਆ ਰਹੀਆਂ ਹਨ। ਇਵੇਂ ਹੀ ਕਾਂਗਰਸੀ ਪਰਿਵਾਰ ਦੇ ਪੱਕੇ ਸਮਰਥਕਾਂ ’ਚ ਸ਼ਾਮਲ ਅਤੇ ਲੰਬਾ ਸਮਾਂ ਰਹੇ ਨਗਰ ਕੌਂਸਲ ਦੇ ਪ੍ਰਧਾਨ ਦਾ ਆਮ ਆਦਮੀਂ ਪਾਰਟੀ ’ਚ ਚਲੇ ਜਾਣਾ ਵੀ ਵੱਡੀ ਚੁਣੌਤੀ ਬਣ ਗਿਆ ਹੈ। ਤੀਜੀ ਚੁਣੌਤੀ ਵਜੋਂ ਇਸ ਪਰਿਵਾਰ ਦੀ ਪੋਤ ਨੂੰਹ ਆਦਿਤੀ ਸਿੰਘ ਦੇ ਭਾਜਪਾ ’ਚ ਸ਼ਾਮਲ ਹੋਣ ਨੇ ਤਾਂ ਨਵੀਂ ਚਰਚਾ ਹੀ ਛੇੜ ਦਿੱਤੀ ਹੈ। ਇਸ ਪਰਿਵਾਰ ਦੀ ਤੀਜੀ ਪੀੜ੍ਹੀ ’ਚੋਂ ਪੋਤੇ ਅੰਗਦ ਸਿੰਘ ਦਾ ਕਾਂਗਰਸ ਅਤੇ ਪੋਤ ਨੂੰਹ ਆਦਿਤੀ ਸਿੰਘ ਦਾ ਭਾਜਪਾ ’ਚ ਹੋਣ ਨਾਲ ਵਿਰੋਧੀ ਧਿਰਾਂ ਨੂੰ ਨਵਾਂ ਮੁੱਦਾ ਮਿਲ ਗਿਆ ਹੈ। ਸਿਆਸੀ ਸਮੀਖਿਅਕਾਂ ਦਾ ਕਹਿਣਾ ਹੈ ਕਿ ਇਸ ਵਾਰ ਕਾਂਗਰਸ ਦੇ ਇਸ ਵਿਧਾਇਕਾਂ ਦੇ ਪਰਿਵਾਰ ਨੂੰ ਭਾਜਪਾਈ ਪ੍ਰਛਾਵੇਂ ਦਾ ਜਵਾਬ ਦੇਣਾ ਔਖਾ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਨੂੰ ਜਦੋਂ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਉਦੋਂ ਇਹ ਪਰਿਵਾਰ ਆਜ਼ਾਦ ਤੌਰ ’ਤੇ ਵੀ ਜਿੱਤਦਾ ਰਿਹਾ। ਇਸ ਪਰਿਵਾਰ ’ਚੋਂ ਇਸ ਹਲਕੇ ਤੋਂ ਬਣੇ ਹੁਣ ਤੱਕ ਦੇ ਵਿਧਾਇਕਾਂ ’ਚ ਪਹਿਲੀ ਪੀੜ੍ਹੀ ਵਜੋਂ ਸਵ. ਦਿਲਬਾਗ ਸਿੰਘ, ਦੂਜੀ ਪੀੜ੍ਹੀ ਵਜੋਂ ਉਨ੍ਹਾਂ ਦੇ ਪੁੱਤਰ ਚਰਨਜੀਤ ਚੰਨੀ, ਭਤੀਜੇ ਪ੍ਰਕਾਸ਼ ਸਿੰਘ, ਭਤੀਜ ਨੂੰਹ ਗੁਰਇਕਬਾਲ ਕੌਰ ਸ਼ਾਮਲ ਹਨ। ਇਵੇਂ ਇਸ ਪਰਿਵਾਰ ਦੀ ਤੀਜੀ ਪੀੜ੍ਹੀ ਵਜੋਂ ਮੌਜੂਦਾ ਵਿਧਾਇਕ ਅੰਗਦ ਸਿੰਘ ਸ਼ਾਮਲ ਹੈ ਜਿਨ੍ਹਾਂ ਨੂੰ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਬਣਨ ਦਾ ਮਾਣ ਮਿਲਿਆ। ਦੇਖਣਾ ਇਹ ਹੋਵੇਗਾ ਕਿ ਇਹ ਵਿਧਾਇਕਾਂ ਦਾ ਪਰਿਵਾਰ ਆਪਣੀ ਪੀੜ੍ਹੀ ਦਰ ਪੀੜ੍ਹੀ ਜਿੱਤ ਨੂੰ ਬਰਕਰਾਰ ਰੱਖਣ ਲਈ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਿਹੜੀ ਵਿਉਂਤ ਬਣਾਉਂਦਾ ਹੈ।