ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਮਈ
ਪਾਵਰਕੌਮ ਵੱਲੋਂ ਬਿਜਲੀ ਵਿੱਚ ਸੁਧਾਰ ਲਿਆਉਣ ਦੇ ਲਾਏ ਜਾ ਰਹੇ ਸਾਰੇ ਜ਼ੋਰ ਦੇ ਬਾਵਜੂਦ ਵੀ ਬਿਜਲੀ ਸੰਕਟ ਕਾਬੂ ਵਿੱਚ ਨਹੀਂ ਆ ਰਿਹਾ। ਪਿੰਡਾਂ ਤੇ ਸ਼ਹਿਰਾਂ ਵਿੱਚ ਦੋ ਤੋਂ ਪੰਜ ਘੰਟੇ ਤੱਕ ਕੱਟ ਲੱਗ ਰਹੇ ਹਨ ਤੇ ਕਈ ਪਿੰਡਾਂ ਵਿੱਚ ਤਾਂ ਇਹ ਕੱਟ 10 ਘੰਟੇ ਤੱਕ ਵੀ ਲੱਗਦੇ ਹਨ।
ਪਿੰਡਾਂ ਤੇ ਸ਼ਹਿਰਾਂ ਵਿੱਚ ਦਿਨ-ਰਾਤ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਹਾਲਾਂਕਿ ਕੱਲ੍ਹ ਤੋਂ ਚੱਲਦੀਆਂ ਤੇਜ਼ ਹਵਾਵਾਂ ਨਾਲ ਮੌਸਮ ’ਚ ਆਈ ਤਬਦੀਲੀ ਕਾਰਨ ਤਪਸ਼ ਕੁਝ ਘਟੀ ਹੈ ਤੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਪਰ ਬਿਜਲੀ ਕੱਟਾਂ ਤੋਂ ਕੋਈ ਨਿਜ਼ਾਤ ਨਹੀਂ ਮਿਲੀ। ਬਿਜਲੀ ਦੀ ਡਿਮਾਂਡ 9000 ਮੈਗਾਵਾਟ ਤੋਂ ਟੱਪ ਗਈ ਹੈ। ਇਸੇ ਡਿਮਾਂਡ ਨੇ ਹੀ ਪਾਵਰਕੌਮ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤਰੇਲੀਆਂ ਲਿਆਂਦੀਆਂ ਹੋਈਆਂ ਹਨ। ਇੰਡਸਟਰੀ ਵਿਚ ਵੀ ਲੱਗ ਰਹੇ ਬਿਜਲੀ ਦੇ ਕੱਟਾਂ ਨਾਲ ਹਾਹਾਕਾਰ ਮੱਚੀ ਹੋਈ ਹੈ। ਲੰਘੇ ਐਤਵਾਰ ਪਾਵਰਕੌਮ ਨੇ ਇੰਡਸਟਰੀ ’ਚ ਕੋਈ ਬਿਜਲੀ ਕੱਟ ਨਹੀਂ ਲਾਇਆ ਤੇ ‘ਨੋ ਮੇਂਟੀਨੈਂਸ ਡੇਅ’ ਤਹਿਤ ਬਿਜਲੀ ਸਪਲਾਈ ਚਾਲੂ ਰੱਖੀ। ਹਾਲਾਂਕਿ ਬਹੁਤੇ ਸਨਅਤਕਾਰਾਂ ਨੇ ਇਸ ਕਰਕੇ ਫੈਕਟਰੀਆਂ ਨਹੀਂ ਚਲਾਈਆਂ ਕਿਉਂਕਿ ਐਤਵਾਰ ਵਾਲਾ ਦਿਨ ਮੁਰੰਮਤ ਵਾਲਾ ਦਿਨ ਮੰਨਿਆ ਜਾਂਦਾ ਹੈ ਤੇ ਉਸ ਦਿਨ ਬਿਜਲੀ ਦੀਆਂ ਤਾਰਾਂ, ਟਰਾਂਸਫਾਰਮਰ ਤੇ ਹੋਰ ਖਾਮੀਆਂ ਨੂੰ ਦੂਰ ਕੀਤਾ ਜਾਂਦਾ ਹੈ ਤੇ ਬਿਜਲੀ ਸਪਲਾਈ ਬੰਦ ਰੱਖੀ ਜਾਂਦੀ ਹੈ। ਪਰ ਬੀਤੇ ਕੱਲ੍ਹ ਸਪਲਾਈ ਬੰਦ ਨਹੀਂ ਕੀਤੀ ਗਈ। ਧੀਣਾ ਪਿੰਡ ਵਿਚ ਪਾਵਰਕੌਮ ਦੇ 18 ਫੀਡਰ ਬੰਦ ਰੱਖੇ ਗਏ ਜਿਸ ਕਾਰਨ ਪੰਜ ਘੰਟੇ ਬਿਜਲੀ ਬੰਦ ਰਹੀ। 120 ਫੁੱਟੀ ਰੋਡ ਤੇ ਬਸਤੀ ਦਾਨਿਸ਼ਮੰਦਾਂ ਦੇ ਨਾਲ-ਨਾਲ ਦੋ ਤੋਂ ਲੈ ਕੇ ਪੰਜ ਘੰਟੇ ਤੱਕ ਬਿਜਲੀ ਬੰਦ ਰਹੀ।
ਉਧਰ ਪਾਵਰਕੌਮ ਦੇ ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਨੇ ਅੱਜ ਵੀ ਬਿਜਲੀ ਚੋਰੀ ਦੇ ਮਾਮਲਿਆਂ ’ਤੇ ਤਿੱਖੀਆਂ ਨਜ਼ਰਾਂ ਰੱਖੀਆਂ। ਜਲੰਧਰ ਸਰਕਲ ਅਧੀਨ ਆਉਂਦੇ ਇਲਾਕਿਆਂ ’ਚ ਪਾਵਰਕੌਮ ਦੀਆਂ ਟੀਮਾਂ ਚੁੱਪ-ਚੁਪੀਤੇ ਘੁੰਮਦੀਆਂ ਰਹੀਆਂ। ਪਾਵਰਕੌਮ ਦੇ ਡਿਪਟੀ ਚੀਫ ਇੰਜੀਨੀਅਰ ਰੱਜਤ ਸ਼ਰਮਾ ਨੇ ਦੱਸਿਆ ਕਿ ਦੋ ਦਿਨਾਂ ’ਚ 250 ਬਿਜਲੀ ਕੁਨੈਕਸ਼ਨ ਚੈੱਕ ਕੀਤੇ ਗਏ ਸਨ। ਇਸ ਦੌਰਾਨ ਚਾਰ ਬਿਜਲੀ ਚੋਰੀ ਦੇ ਕੇਸ ਫੜੇ ਗਏ ਤੇ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।