ਪੱਤਰ ਪ੍ਰੇਰਕ
ਫਗਵਾੜਾ, 28 ਅਕਤੂਬਰ
ਪੰਜਾਬ ਦੇ ਖੇਤੀਬਾੜੀ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਫਗਵਾੜਾ ਬਲਾਕ ’ਚ ਪੈਂਦੇ ਪਿੰਡਾਂ ਦੇ ਵਿਕਾਸ ਲਈ ਉਹ ਪੂਰਾ ਯੋਗਦਾਨ ਦੇਣਗੇ, ਕਿਉਂਕਿ ਪੰਜਾਬ ’ਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ।
ਇੱਥੇ ਅੱਜ ਦਾਣਾ ਮੰਡੀ ਵਿੱਚ ਮੰਡੀਆਂ ਦੀ ਚੈਕਿੰਗ ਦੌਰਾਨ ਪਾਰਟੀ ਦਫ਼ਤਰ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਉਹ ਪੰਜਾਬ ਭਰ ਦੀਆਂ ਮੰਡੀਆਂ ’ਚ ਜਾ ਕੇ ਜਾਇਜ਼ਾ ਲੈ ਰਹੇ ਹਨ ਤੇ ਕਿਸਾਨ ਦੀ ਫ਼ਸਲ 12 ਘੰਟਿਆਂ ’ਚ ਚੁੱਕੀ ਜਾ ਰਹੀ ਹੈ ਅਤੇ 48 ਘੰਟੇ ’ਚ ਪੈਸੇ ਵੀ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ 15 ਨਵੰਬਰ ਤੱਕ ਵੀ ਫ਼ਸਲ ਚੁੱਕੇਗੀ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪਾਰਟੀ ਅਹੁਦੇਦਾਰਾਂ ਦੀ ਮੀਟਿੰਗ ’ਚ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਜੋ ਵੀ ਗ੍ਰਾਂਟਾਂ ਦੀ ਲੋੜ ਹੋਵੇ ਉਹ ਉਨ੍ਹਾਂ ਦੇ ਧਿਆਨ ’ਚ ਲਿਆਂਦੀ ਜਾਵੇ। ਇਸੇ ਤਰ੍ਹਾਂ ਪਰਵਾਸੀ ਭਾਰਤੀਆਂ ਦੇ ਮਾਮਲਿਆਂ ਸਬੰਧੀ ਉਨ੍ਹਾਂ ਕਿਹਾ ਕਿ ਕਿਸੇ ਵੀ ਪਰਵਾਸੀ ਭਾਰਤੀ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਫਗਵਾੜਾ ਮੰਡੀ ਦਾ ਕੰਮ ਤਸੱਲੀਯੋਗ ਚੱਲ ਰਿਹਾ ਹੈ ਤੇ ਕਪੂਰਥਲਾ ਜਿਲ੍ਹੇ ’ਚ ਮਿੱਥੇ ਟੀਚੇ ਨਾਲੋਂ 80 ਫ਼ੀਸਦੀ ਤੋਂ ਵੱਧ ਝੋਨਾ ਉਠਾਇਆ ਜਾ ਚੁੱਕਾ ਹੈ ਅਤੇ ਹੁਣ ਤੱਕ ਜਿਲ੍ਹੇ ’ਚ 631944 ਟਨ ਝੋਨੇ ਦੀ ਖਰੀਦ ਹੋਈ ਹੈ। ਕਿਸਾਨਾਂ ਨੂੰ 1199.51 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਤੇ ਰੋਜ਼ਾਨਾ ਕਿਸਾਨਾਂ ਨੂੰ 75 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਹੋ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ, ਸੰਤੋਸ਼ ਕੁਮਾਰ ਗੋਗੀ, ਜਿਲ੍ਹਾ ਪ੍ਰਧਾਨ ਲਲਿਤ, ਜਤਿੰਦਰ ਸਿੰਘ, ਅਸ਼ੋਕ ਭਾਟੀਆ, ਵਿਸ਼ਾਲ ਵਾਲੀਆ ਸਮੇਤ ਕਈ ਆਗੂ ਤੇ ਅਧਿਕਾਰੀ ਹਾਜ਼ਰ ਸਨ।