ਹਰਪ੍ਰੀਤ ਕੌਰ
ਹੁਸ਼ਿਆਰਪੁਰ, 15 ਜੁਲਾਈ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਹਲਕਾ ਚੱਬੇਵਾਲ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਫਤਿਹਪੁਰ, ਕੋਠੀ, ਲਲਵਾਨ ਤੇ ਹੱਲੂਵਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਅਤੇ ਏਡੀਸੀ (ਜ) ਰਾਹੁਲ ਚਾਬਾ ਵੀ ਮੌਜੂਦ ਸਨ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰ ਰਹੀਆਂ ਹਨ ਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਚੱਬੇਵਾਲ ਹਲਕੇ ਦੇ ਪਿੰਡਾਂ ਲਈ 70 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਪੰਜਾਬ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਲਈ 218 ਕਰੋੜ ਰੁਪਏ ਦੀ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਹੜ੍ਹ ਪ੍ਰਭਾਵਿਤ ਕਿਸਾਨਾਂ ਤੇ ਲੋਕਾਂ ਲਈ ਵੱਡੀ ਰਾਹਤ ਦੇਵੇਗੀ। ਇਸ ਦੌਰਾਨ ਉਨ੍ਹਾਂ ਪਿੰਡਾਂ ਵਿੱਚ ਜਾ ਕੇ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਨੂੰ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤਹਿਸਾਲਦਾਰ ਤਪਨ ਭਨੋਟ, ਡਾ. ਦਿਲਬਾਗ ਰਾਏ, ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ, ਸਰਪੰਚ ਕੁਲਵੰਤ ਕੌਰ ਤੇ ਨੀਲਾ ਦੇਵੀ ਆਦਿ ਮੌਜੂਦ ਸਨ।
ਧੁੱਸੀ ਬੰਨ੍ਹ ’ਤੇ 15 ਮੈਡੀਕਲ ਮੋਬਾਈਲ ਟੀਮਾਂ ਅਤੇ 30 ਮੈਡੀਕਲ ਕੈਂਪ ਜਾਰੀ
ਸ਼ਾਹਕੋਟ (ਗੁਰਮੀਤ ਖੋਸਲਾ): ਇਸ ਸਬ-ਡਿਵੀਜ਼ਨ ਦੇ ਬਲਾਕ ਲੋਹੀਆਂ ਖਾਸ ਵਿੱਚ ਦਰਿਆ ਸਤਲੁਜ ’ਚ ਆਏ ਭਿਆਨਕ ਹੜ੍ਹ ਦਾ ਪਾਣੀ ਹੌਲੀ-ਹੌਲੀ ਘਟ ਰਿਹਾ ਹੈ। ਜ਼ਿਆਦਾਤਰ ਲੋਕ ਹੱਥਾਂ ਤੇ ਪੈਰਾਂ ਦੀ ਐਲਰਜੀ (ਖਾਰਸ਼) ਤੋਂ ਪੀੜਤ ਹਨ। ਸਮੁੱਚਾ ਪ੍ਰਸ਼ਾਸਨ ਵੀ ਫੈਲਣ ਵਾਲੀਆਂ ਬਿਮਾਰੀਆਂ ਪ੍ਰਤੀ ਪੂਰੀ ਚੌਕਸੀ ਵਰਤ ਰਿਹਾ ਹੈ। ਐੱਸਡੀਐੱਮ ਰਿਸ਼ਭ ਬਾਂਸਲ ਨੇ ਦੱਸਿਆ ਕਿ ਬਿਮਾਰੀਆਂ ਦੀ ਰੋਕਥਾਮ ਲਈ 15 ਮੈਡੀਕਲ ਮੋਬਾਈਲ ਟੀਮਾਂ ਧੁੱਸੀ ਬੰਨ੍ਹ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਸੇਵਾਵਾਂ ਦੇ ਰਹੀਆਂ ਹਨ। ਵੱਖ-ਵੱਖ ਥਾਵਾਂ ’ਤੇ 30 ਮੈਡੀਕਲ ਕੈਂਪ ਲਾਏ ਗਏ ਹਨ। ਸਿਹਤ ਵਿਭਾਗ ਅਤੇ ਫੌਜ ਦੀਆਂ ਡਾਕਟਰੀ ਟੀਮਾਂ 24 ਘੰਟੇ ਹੜ੍ਹ ਪੀੜਤਾਂ ਦੀ ਜਾਂਚ ਕਰ ਰਹੀਆਂ ਹਨ।
ਬੀਐੱਸਐੱਫ ਜਵਾਨਾਂ ਤੇ ਕਿਸਾਨਾਂ ਨੂੰ ਸੁਰੱਖਿਅਤ ਕੱਢਣ ਵਾਲੇ ਟੀਮ ਮੈਂਬਰ ਹੋਣਗੇ ਸਨਮਾਨਿਤ
ਪਠਾਨਕੋਟ (ਪੱਤਰ ਪ੍ਰੇਰਕ): ਪਿਛਲੇ ਹਫ਼ਤੇ ਉਝ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਵਿੱਚ ਘਿਰ ਗਏ ਬੀਐੱਸਐੱਫ ਦੇ ਛੇ ਜਵਾਨਾਂ ਅਤੇ ਤਾਰਾਂ ਪਾਰ ਪੱਠੇ ਲੈਣ ਗਏ 6 ਕਿਸਾਨਾਂ ਤੇ ਇੱਕ ਜੰਗਲੀ ਹਿਰਨ ਦੇ ਬੱਚੇ ਨੂੰ ਕਿਸ਼ਤੀ ਰਾਹੀਂ ਸੁਰੱਖਿਅਤ ਬਾਹਰ ਕੱਢਣ ਵਾਲੇ ਟੀਮ ਮੈਂਬਰਾਂ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਸਨਮਾਨਿਤ ਕੀਤਾ ਜਾਵੇਗਾ। ਡੀਸੀ ਹਰਬੀਰ ਸਿੰਘ ਨੇ ਦੱਸਿਆ ਕਿ ਬਚਾਅ ਕਾਰਜ ਵਾਲੀ ਇਸ ਟੀਮ ਦੀ ਅਗਵਾਈ ਧਾਰਕਲਾਂ ਦੇ ਫੰਗੋਤਾ ਵਿੱਚ ਤਾਇਨਾਤ ਪਟਵਾਰੀ ਫਤਹਿ ਸਿੰਘ ਨੇ ਕੀਤੀ, ਜੋ ਇੱਕ ਸਾਬਕਾ ਸੈਨਿਕ ਹੈ। ਉਨ੍ਹਾਂ ਦੇ ਨਾਲ ਬਾਕੀ ਟੀਮ ਮੈਂਬਰਾਂ ਵਿੱਚ ਐੱਸਐੱਚਓ ਅਜਵਿੰਦਰ ਸਿੰਘ, ਸੇਵਾਦਾਰ ਰਾਹੁਲ ਕੁਮਾਰ ਅਤੇ ਸਥਾਨਕ ਵਾਸੀ ਸੁਖਦੇਵ ਸਿੰਘ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਟੀਮ ਨੇ ਕਿਸ਼ਤੀ ਅਤੇ ਲਾਈਫ ਜੈਕਟਾਂ ਨਾਲ ਹੜ੍ਹ ਵਿੱਚ ਘਿਰੇ ਹੋਏ ਮੈਂਬਰਾਂ ਨੂੰ ਕੱਢ ਕੇ ਜਾਨ-ਮਾਲ ਦੀ ਰਾਖੀ ਕਰ ਕੇ ਸ਼ਾਨਦਾਰ ਮਿਸਾਲ ਪੇਸ਼ ਕੀਤੀ।