ਗੁਰਬਖਸ਼ਪੁਰੀ
ਤਰਨ ਤਾਰਨ, 10 ਸਤੰਬਰ
ਸ਼ਹਿਰ ਅਤੇ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ ਕਈ ਘੰਟੇ ਲਗਾਤਾਰ ਮੀਂਹ ਪਿਆ। ਮੀਂਹ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ| ਸਵੇਰ ਤੋਂ ਹੀ ਭਾਰੀ ਮੀਂਹ ਪੈਣ ਨਾਲ ਬਿਜਲੀ ਸਪਲਾਈ ਵੀ ਠੱਪ ਹੋ ਗਈ| ਇਸ ਕਰ ਕੇ ਜਿੱਥੇ ਕਾਰੋਬਾਰ ਪ੍ਰਭਾਵਿਤ ਹੋਏ, ਉੱਥੇ ਕਈ ਘਰਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਨਹੀਂ ਹੋ ਸਕੀ। ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਤੇ ਸੜਕਾਂ ’ਤੇ ਗੋਡੇ-ਗੋਡੇ ਪਾਣੀ ਖੜ੍ਹਾ ਹੋਣ ਕਰ ਕੇ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ| ਸ਼ਹਿਰ ਦੀਆਂ ਮੁਰਾਦਪੁਰ ਅਤੇ ਗੋਕਲਪੁਰ ਦੀ ਵਸੋਂ ਦਾ ਸ਼ਹਿਰ ਨਾਲੋਂ ਸੰਪਰਕ ਟੁੱਟ ਗਿਆ| ਸ਼ਹਿਰ ਦੀ ਮੇਨ ਰੋਡ ਤੋਂ ਇਲਾਵਾ ਚੌਕ ਬੋਹੜੀ, ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਨੂਰਦੀ ਅੱਡਾ, ਜੰਡਿਆਲਾ ਰੋਡ ’ਤੇ ਮੀਂਹ ਪੈਣ ਦੇ ਕਈ ਘੰਟੇ ਮਗਰੋਂ ਵੀ ਪਾਣੀ ਖੜ੍ਹਾ ਰਿਹਾ| ਬਾਰਸ਼ ਦੇ ਇਸ ਪਾਣੀ ਨਾਲ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਕੈਂਪ ਦਫ਼ਤਰ (ਪੀਡਬਲਿਊਡੀ ਦਾ ਰੈਸਟ ਹਾਊਸ) ਦਾ ਚਾਰ-ਚੁਫੇਰਾ ਅਤੇ ਉਸ ਦੇ ਸਾਹਮਣੇ ਦੀ ਸੜਕ ਦਿਨ ਭਰ ਹੀ ਬਾਰਸ਼ ਦੇ ਪਾਣੀ ਨਾਲ ਜਲ-ਥਲ ਰਹੀ| ਨਗਰ ਕੌਂਸਲ ਦੇ ਸਾਬਕ ਮੈਬਰ ਡਾ. ਸੁਖਦੇਵ ਸਿੰਘ ਲੌਹੁਕਾ ਨੇ ਕਿਹਾ ਕਿ ਭਾਰੀ ਬਾਰਸ਼ ਕਰ ਕੇ ਦੁਕਾਨਾਂ ਦੁਪਹਿਰ ਦੇ 12 ਵਜੇ ਤੋਂ ਬਾਅਦ ਹੀ ਖੁੱਲ੍ਹੀਆਂ, ਦਿਹਾੜੀਦਾਰ ਮਜ਼ਦੂਰ ਵੀ ਕੰਮ ਤੋਂ ਰਹਿ ਗਏ|
ਮੁੱਖ ਖੇਤੀਬਾੜੀ ਅਧਿਕਾਰੀ ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਇਸ ਬਾਰਸ਼ ਨਾਲ ਝੋਨੇ ਦੀ ਅਗੇਤੀਆਂ ਕਿਸਮਾਂ ਦਾ ਨੁਕਸਾਨ ਹੋਇਆ ਹੈ| ਅਧਿਕਾਰੀ ਨੇ ਕਿਹਾ ਬਾਰਸ਼ ਦੇ ਹਟਣ ’ਤੇ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇਗੀ|