ਜਗਜੀਤ ਸਿੰਘ
ਮੁਕੇਰੀਆਂ, 27 ਅਗਸਤ
ਇੱਥੋਂ ਨੇੜਲੇ ਪਿੰਡ ਸਹਿਰਕੋਵਾਲ ਤੇ ਕਲੋਤਾ ਵਿੱਚ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਆਮ ਆਦਮੀ ਕਲੀਨਿਕਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਸਿਵਲ ਸਰਜਨ ਡਾ. ਅਮਰਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਅਤੇ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਜਿੰਪਾ ਨੇ ਕਲੀਨਿਕ ਵਿੱਚ ਮੌਜੂਦ ਡਾਕਟਰਾਂ ਅਤੇ ਹੋਰ ਸਟਾਫ਼ ਤੋਂ ਇਲਾਵਾ ਇੱਥੇ ਮੌਜੂਦ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਟਾਫ਼ ਤੋਂ ਕਲੀਨਿਕ ਦੇ ਕੰਮਕਾਜ, ਦਵਾਈਆਂ ਦੀ ਉਪਲਬੱਧਤਾ, ਜਾਂਚ ਅਤੇ ਇਲਾਜ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਕੰਮਾਂ ਨੂੰ ਦੇਖਦਿਆਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਹਰ ਉਮੀਦ ’ਤੇ ਖਰੀ ਉਤਰਦੀ ਹੋਈ ਸੂਬੇ ਦੀ ਤਰੱਕੀ ਲਈ ਕੰਮ ਕਰ ਰਹੀ ਹੈ। ਸਿਹਤ ਤੇ ਸਿੱਖਿਆ ਨਾਲ ਜੁੜੇ ਬੁਨਿਆਦੀ ਮੁੱਦੇ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹਨ। ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਆਮ ਆਦਮੀ ਕਲੀਨਿਕ ਵਿੱਚ ਬਿਹਤਰੀਨ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਆਮ ਆਦਮੀ ਕਲੀਨਿਕ ਵਿੱਚ ਮਰੀਜ਼ਾਂ ਨੂੰ 75 ਤਰ੍ਹਾਂ ਦੀਆਂ ਮੁਫ਼ਤ ਦਵਾਈਆਂ ਅਤੇ 41 ਤਰ੍ਹਾਂ ਦੇ ਟੈਸਟ ਬਿਲਕੁੱਲ ਮੁਫ਼ਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅਤਿ-ਆਧੁਨਿਕ ਆਮ ਆਦਮੀ ਕਲੀਨਕ ਵਿਚ ਸੁਚਾਰੂ ਬਿਜਲੀ ਸਪਲਾਈ ਲਈ ਜੈਨਰੇਟਰ, ਪੀਣ ਦੇ ਪਾਣੀ ਲਈ ਵਾਟਰ ਪਿਉਰੀਫਾਇਰ, ਡਾਕਟਰ ਦੇ ਕਮਰੇ, ਫਾਰਮੇਸੀ ਤੇ ਟੈਸਟਾਂ ਦੇ ਨਮੂਨੇ ਇਕੱਤਰ ਕਰਨ ਦੇ ਕਮਰੇ ਤੇ ਮਰੀਜ਼ਾਂ ਦੀ ਸੁਵਿਧਾ ਲਈ ਰਿਸੈਪਸ਼ਨ-ਕਮ-ਵੇਟਿੰਗ ਏਰੀਆ ਤੇ ਪਖਾਨੇ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਐੱਸਐੱਮਓ ਡਾ. ਜਤਿੰਦਰ ਕੁਮਾਰ, ਸਤਵੰਤ ਸਿੰਘ ਸਿਆਨ, ਮੁਹੰਮਦ ਆਸਿਫ ਡੀ ਪੀ ਐੱਮ, ਡਾ. ਹੇਮੰਤ ਸ਼ਰਮਾ, ਡਾ. ਸੰਦੀਪ ਕੌਰ, ਰਿੰਪੀ ਬੀਈਈ, ਸਰਪੰਚ ਮਸਜਿੰਦਰ ਸਿੰਘ ਮੁਰਾਦਪੁਰ ਅਵਾਣਾ ਦਲੀਪ ਓਹਰੀ, ਵਰਿੰਦਰ ਸ਼ਰਮਾ ਬਿੰਦੂ, ਮੁਨੀਸ਼ ਕੁਮਾਰ, ਸਤਿੰਦਰ ਸਿੰਘ ਫਾਰਮੇਸੀ ਅਫਸਰ, ਜਗੀਰ ਲਾਲ ਹੈਲਥ ਇੰਸਪੈਕਟਰ, ਰਾਜਦੀਪ ਸਿੰਘ, ਅਨੂੰ ਬਾਲਾ ਸੀਐਚਓ, ਵਿਜੈ ਕੁਮਾਰੀ, ਪਰਦੀਪ ਕੌਰ, ਮਨਦੀਪ ਕੌਰ, ਪਰਦੀਪ ਕੌਰ ਏਐਨਐਮ, ਸ਼ਿਵਤੰਤਰ, ਸੰਦੀਪ ਰਜਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ ਆਦਿ ਵੀ ਹਾਜ਼ਰ ਸਨ।