ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਸਤੰਬਰ
ਇਥੇ ਹਿਊਮਨ ਰਾਈਟਸ ਐਮਰਜੈਂਸੀ ਹੈਲਪ ਲਾਈਨ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਜਸਵਿੰਦਰ ਕੌਰ ਸੋਹਲ ਨੇ ਕਿਹਾ ਕਿ ਜਿਹੜੇ ਬੰਦੀ ਸਿੱਖਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦੀ ਬਣਾ ਕੇ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਏ ਕਰੀਬ 28 ਸਾਲ ਹੋ ਗਏ ਹਨ। ਉਨ੍ਹਾਂ ਨੂੰ ਲੰਮੇ ਸਮੇਂ ਤੋਂ ਮਾਨਸਿਕ ਪੀੜਾਂ ਵਿੱਚੋਂ ਦੀ ਲੰਘਣਾ ਪੈ ਰਿਹਾ ਹੈ। ਜਦ ਕਿ ਉਹ ਕਤਲ ਦੀ ਸਜ਼ਾ ਉਮਰ ਕੈਦ ਤੋਂ ਦੁੱਗਣੀ ਸਜ਼ਾ ਵੀ ਭੁਗਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਸਿੱਧੇ ਤੌਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈ। ਬੀਬੀ ਸੋਹਲ ਨੇ ਕਿਹਾ ਕਿ ਇਸ ਸੰਘਰਸ਼ ਦੀ ਪਹਿਲੀ ਲੜੀ ’ਚ ਚੰਡੀਗੜ੍ਹ ਅਤੇ ਬੰਦੀ ਛੋੜ ਦਿਵਸ ’ਤੇ ਅੰਮ੍ਰਿਤਸਰ ਸਾਹਿਬ ਵਿੱਚ ਮੋਮਬੱਤੀ ਮਾਰਚ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਮੋਮਬੱਤੀ ਮਾਰਚ ਲਈ ਵੱਖ-ਵੱਖ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।