ਪੱਤਰ ਪ੍ਰੇਰਕ
ਫਿਲੌਰ, 18 ਜੁਲਾਈ
ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਸਤਲੁਜ ਬੰਨ੍ਹ ’ਤੇ ਕੰਮ ਕਰਦੇ ਨਰੇਗਾ ਵਰਕਰਾਂ ਦੇ ਹੱਕ ’ਚ ਆਪਣੀ ਆਵਾਜ਼ ਬੁਲੰਦ ਕਰਦੇ ਕਿਹਾ ਕਿ ਇਨ੍ਹਾਂ ਵਰਕਰਾਂ ਲਈ ਮੁਢਲੀਆਂ ਸਹੂਲਤਾਂ ਵੀ ਨਹੀਂ ਹਨ। ਵੱਡੀ ਗਿਣਤੀ ’ਚ ਬੀਬੀਆਂ ਕੰਮ ਕਰਦੀਆਂ ਹੋਣ ਕਾਰਨ ਪਖਾਨਿਆਂ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਹੈ। ਕੰਮ ਦੌਰਾਨ ਹੀ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਥੇ ਮੈਡੀਕਲ ਦਾ ਕੋਈ ਪ੍ਰਬੰਧ ਨਹੀਂ ਅਤੇ ਨਾ ਹੀ ਕੋਈ ਸ਼ੈਲਟਰ ਹੋਮ ਹੈ, ਜਿਥੇ ਕਿਤੇ ਮੀਂਹ ਕਣੀ ਵੇਲੇ ਚਾਹ ਬਣਾਈ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਵਰਕਰਾਂ ਦੀ ਹਾਜ਼ਰੀ ਪੰਚਾਇਤ ਸਕੱਤਰ ਦੀ ਥਾਂ ਮੈਟ ਲਗਾਏ। ਉਨ੍ਹਾਂ ਕਿਹਾ ਕਿ ਨਿਗੂਣੀ ਜਿਹੀ ਦਿਹਾੜੀ ’ਚੋਂ ਕਾਫੀ ਖਰਚਾ ਕਿਰਾਏ ਦੇ ਰੂਪ ’ਚ ਨਿਕਲ ਜਾਂਦਾ ਹੈ ਅਤੇ ਬਚਦੇ ਕੁੱਝ ਪੈਸੇ ਚਾਹ ਪਾਣੀ ਦੇ ਨਿਕਲ ਜਾਂਦੇ ਹਨ। ਜਦੋਂ ਕਿ ਰੇਤਾ ਅਤੇ ਬੋਰੇ ਆਉਣ ਕਾਰਨ ਪਹਿਲਾਂ ਕੰਮ ਤੋਂ ਜਵਾਬ ਨਰੇਗਾ ਵਰਕਰਾਂ ਨੂੰ ਦਿੱਤਾ ਜਾਂਦਾ ਹੈ। ਪੀਟਰ ਨੇ ਕਿਹਾ ਕਿ ਅਧਿਕਾਰੀਆਂ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ।