ਹਰਪ੍ਰੀਤ ਕੌਰ
ਹੁਸ਼ਿਆਰਪੁਰ, 20 ਮਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਵਿੱਚ ਸੌ ਫੀਸਦੀ ਟੀਕਾਕਰਨ ਕਰਾਉਣ ਵਾਲੀਆਂ ਪੰਚਾਇਤਾਂ ਨੂੰ 10 ਲੱਖ ਰੁਪਏ ਵਿਸ਼ੇਸ਼ ਗਰਾਂਟ ਵਜੋਂ ਦੇਣ ਦੇ ਐਲਾਨ ਮਗਰੋਂ ਅੱਜ ਹਲਕਾ ਚੱਬੇਵਾਲ ਵਿੱਚ ‘ਧੰਨਵਾਦ ਕੈਪਟਨ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਡਾ. ਰਾਜ ਕੁਮਾਰ ਨੇ ਪਿੰਡ ਨਵਾਂ ਜੱਟਪੁਰ ’ਚ ਸਾਰੇ ਯੋਗ ਲਾਭਪਾਤਰੀਆਂ ਦੇ ਕੋਵਿਡ ਵੈਕਸੀਨ ਲੱਗ ਜਾਣ ਮਗਰੋਂ ਪਿੰਡ ਪਹੁੰਚ ਕੇ ਪੰਚਾਇਤ ਤੇ ਸਿਹਤ ਵਿਭਾਗ ਦੀ ਟੀਮ ਦਾ ਸਨਮਾਨ ਕੀਤਾ।
ਸਰਪੰਚ ਰਿਤੂ, ਐੱਸਐੱਮਓ ਡਾ. ਰਾਜ ਕੁਮਾਰ ਬੱਧਣ ਤੇ ਹੋਰਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕਰਦਿਆਂ ਡਾ. ਰਾਜ ਨੇ ਕਿਹਾ ਕਿ ਨਵਾਂ ਜੱਟਪੁਰ ਨੂੰ ਮਿਲਾ ਕੇ ਹਲਕੇ ਦੇ 3 ਪਿੰਡਾਂ ਪੂੰਗਾ ਤੇ ਪੁੰਜ ਵਿੱਚ ਵੀ ਸੌ ਫੀਸਦੀ ਕੋਵਿਡ ਟੀਕਾਕਰਨ ਹੋ ਚੁੱਕਾ ਹੈ ਜਿਸ ਦਾ ਸਿਹਰਾ ਪੰਚਾਇਤਾਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਪੰਚਾਇਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਤੇ ਪਿੰਡਾਂ ਵਿੱਚ ਫੈਲ ਰਹੇ ਵਾਇਰਸ ਦੇ ਮੱਦੇਨਜ਼ਰ ਸਾਰੀਆਂ ਪੰਚਾਇਤਾਂ ਨੂੰ ਆਪੋ-ਆਪਣੇ ਪਿੰਡਾਂ ’ਚ ਜਲਦੀ ਕੋਵਿਡ ਵੈਕਸੀਨ ਲਗਵਾਉਣੀ ਚਾਹੀਦੀ ਹੈ। ਡਾ. ਰਾਜ ਕੁਮਾਰ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਪਿੰਡ-ਪਿੰਡ ਸਿਹਤ ਵਿਭਾਗ ਦੀਆਂ ਟੀਮਾਂ ਭੇਜ ਕੇ ਟੀਕਾਕਰਨ ਕਰਾਇਆ ਜਾ ਰਿਹਾ ਹੈ।