ਬਲਵਿੰਦਰ ਸਿੰਘ ਭੰਗੂ
ਭੋਗਪੁਰ, 19 ਮਈ
ਦਿਨ-ਬ-ਦਿਨ ਕਰੋਨਾ ਮਹਾਮਾਰੀ ਦੇ ਵਧ ਰਹੇ ਅਸਰ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਨੇ ਬਾਜ਼ਾਰਾਂ ਵਿੱਚ ਬਾਕਾਇਦਾ ਸਪੀਕਰ ਰਾਹੀਂ ਮੁਨਾਦੀ ਕਰਵਾਈ ਕਿ ਸਿਰਫ਼ ਉਹੀ ਦੁਕਾਨਦਾਰ ਅਤੇ ਹਾਕਰ ਚੀਜ਼ਾਂ ਵੇਚ ਸਕੇਗਾ ਜਿਸ ਦੀ ਕਰੋਨਾ ਰਿਪੋਰਟ ਨੈਗੇਟਿਵ ਆਵੇਗੀ। ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਸ਼ਹਿਰ ਦੇ ਦੁਕਾਨਦਾਰਾਂ ਤੇ ਰੇੜ੍ਹੀਆਂ-ਫੜੀਆਂ ਵਾਲੇ ਹਾਕਰਾਂ ਨੂੰ ਸੂਚਨਾ ਦਿੱਤੀ ਕਿ ਉਹ ਪਹਿਲਾਂ ਆਪਣਾ ਕਰੋਨਾ ਟੈਸਟ ਕਰਵਾਉਣ। ਜੇ ਕਿਸੇ ਦੁਕਾਨਦਾਰ ਅਤੇ ਹਾਕਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਹੋਵੇਗੀ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਵਿਅਕਤੀ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਰੋਜ਼ਾਨਾ ਵੱਖ-ਵੱਖ ਚੀਜ਼ਾਂ ਵੇਚਣ ਲਈ ਜਾਰੀ ਕੀਮਤ ਸੂਚੀ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਪੁਲੀਸ ਪਾਰਟੀ ਨੇ ਸ਼ਹਿਰ ਵਿੱਚੋਂ 50 ਦੇ ਕਰੀਬ ਫਲ ਅਤੇ ਸਬਜ਼ੀਆਂ ਵੇਚਣ ਵਾਲੇ ਹਾਕਰਾਂ ਨੂੰ ਕੌਮੀ ਮਾਰਗ ’ਤੇ ਸਿਵਲ ਹਸਪਤਾਲ ਕਾਲਾ ਬੱਕਰਾ ਦੇ ਐੱਸਐੱਮਓ ਕਮਲ ਸਿੱਧੂ ਦੀ ਅਗਵਾਈ ਵਿੱਚ ਲਾਏ ਕਰੋਨਾ ਟੈਸਟ ਕੈਂਪ ਵਿੱਚ ਲਿਜਾ ਕੇ ਕਰੋਨਾ ਟੈਸਟ ਕਰਵਾਏ। ਇਸ ਦੀ ਰਿਪੋਰਟ ਅਨੁਸਾਰ ਹੀ ਉਹ ਚੀਜ਼ਾਂ ਵੇਚ ਸਕਣਗੇ। ਇੰਸਪੈਕਟਰ ਮਨਜੀਤ ਸਿੰਘ ਨੇ ਸਮਾਜ ਦੇ ਹਰ ਵਰਗ ਨੂੰ ਕਰੋਨਾ ਦੌਰਾਨ ਸਹਿਯੋਗ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਲੋਕ ਸਰਕਾਰ ਵਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਨ।