ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 17 ਮਾਰਚ
ਇਥੇ ਅੱਜ ਸਮੂਹ ਕੰਪਿਊਟਰ ਅਧਿਆਪਕਾਂ ਨੇ ਸਬ-ਤਹਿਸੀਲ ’ਚ ਮੀਟਿੰਗ ਕਰਕੇ ਲਏ ਜਾ ਰਹੇ ਗੈਰ-ਵਿਦਿਅਕ ਕੰਮਾਂ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਸ ਮੌਕੇ ਸਰਕਾਰੀ ਫਰਮਾਨ ਦਾ ਵਿਰੋਧ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਟਾਂਡਾ ਦੇ ਕੰਪਿਊਟਰ ਅਧਿਆਪਕਾਂ ਦਾ ਅਜੇ ਬੀਐੱਲਓ ਅਤੇ ਇਲੈਕਸ਼ਨ ਡਿਊਟੀਆਂ ਦਾ ਥਕੇਵਾਂ ਵੀ ਨਹੀਂ ਉਤਰਿਆ ਸੀ ਕਿ ਉਨ੍ਹਾਂ ਨੂੰ ਇਕ ਹੋਰ ਨਵੀਂ ਗੈਰ-ਵਿਦਿਅਕ ਡਿਊਟੀ ‘ਈ-ਗਿਰਦਾਵਰੀਆਂ’ ਦੀ ਐਂਟਰੀ ਕਰਵਾਉਣ ਸਬੰਧੀ ਫੋਨ ਕਾਲ ਅਤੇ ਡਿਊਟੀ ਪੱਤਰ ਪ੍ਰਾਪਤ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਡਿਊਟੀਆਂ ਉਸ ਵੇਲੇ ਲਗਾਈਆਂ ਗਈਆਂ ਹਨ, ਜਦੋਂ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆ ਸਿਰ ’ਤੇ ਹੈ। ਨਵੀਂ ਬਣੀ ਸਰਕਾਰ ਦੇ ਨੁਮਾਇੰਦੇ, ਜਿੱਥੇ ਸਕੂਲਾਂ ਵਿੱਚ ਜਾ ਕੇ ਚੈਕਿੰਗਾਂ ਕਰ ਰਹੇ ਹਨ ਅਤੇ ਸਕੂਲ ਸਿੱਖਿਆ ’ਚ ਸੁਧਾਰ ਦੀਆਂ ਗੱਲਾਂ ਕਰ ਰਹੇ ਹਨ, ਉੱਥੇ ਅਜਿਹੀਆਂ ਗੈਰ-ਵਿਦਿਅਕ ਕੰਮਾਂ ’ਤੇ ਲਗਾਈਆਂ ਡਿਊਟੀਆਂ, ਅਧਿਆਪਕ ਜਗਤ ਨੂੰ ਨਿਰਾਸ਼ਾ ਨਾਲ ਭਰਨ ਵਿੱਚ ਭਰਪੂਰ ਸਿੱਧ ਹੋ ਰਹੀਆਂ ਹਨ। ਸਮੂਹ ਕੰਪਿਊਟਰ ਅਧਿਆਪਕਾਂ ਨੇ ਅਜਿਹੀਆਂ ਗੈਰ-ਵਿਦਿਅਕ ਡਿਊਟੀਆਂ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਮੰਦਭਾਗਾ ਦੱਸਿਆ ਤੇ ਇਨ੍ਹਾਂ ਦਾ ਪੁਰਜ਼ੋਰ ਵਿਰੋਧ ਕਰਦਿਆਂ ਸਰਕਾਰ ਤੋਂ ਅਜਿਹੀਆਂ ਡਿਊਟੀਆਂ ਨਾ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਕੰਪਿਊਟਰ ਫੈਕਲਟੀ ਨਰਿੰਦਰ ਪਾਲ ਸਿੰਘ, ਅਜੈ ਕੁਮਾਰ, ਰਵਿੰਦਰ ਕੁਮਾਰ, ਵਿਕਾਸ ਕਾਂਸਲ, ਚੰਦਰ ਕਾਂਤ, ਇਕਬਾਲ ਸਿੰਘ, ਰਮਨ ਬਾਜਵਾ, ਰਜਿੰਦਰ ਕੁਮਾਰ, ਸਰਬਜੀਤ ਕੌਰ, ਗੁਰਜੀਤ ਕੌਰ ਤੇ ਅਨੀਤਾ ਦੇਵੀ ਵੀ ਹਾਜ਼ਰ ਸਨ।