ਪੱਤਰ ਪ੍ਰੇਰਕ
ਜਲੰਧਰ, 15 ਨਵੰਬਰ
ਕਾਜ਼ੀ ਮੰਡੀ ਵਿੱਚ ਫੈਲੇ ਕੂੜੇ ਸਬੰਧੀ ਵਿਧਾਇਕ ਰਮਨ ਅਰੋੜਾ ਨੇ ਨਗਰ ਨਿਗਮ ਨੂੰ ਆਦੇਸ਼ ਦਿੱਤੇ ਹਨ। ਨਗਰ ਨਿਗਮ ਨੂੰ ਹਦਾਇਤ ਕੀਤੀ ਗਈ ਹੈ ਕਿ ਕਾਜ਼ੀ ਮੰਡੀ ਵਿੱਚ ਬਣੇ ਡੰਪ ਦੀ ਜਲਦੀ ਤੋਂ ਜਲਦੀ ਸਫ਼ਾਈ ਕਰਵਾਈ ਜਾਵੇ। ਵਿਧਾਇਕ ਦੇ ਦੌਰੇ ਦੌਰਾਨ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਹੋਰ ਅਧਿਕਾਰੀ ਵੀ ਉਕਤ ਡੰਪ ’ਤੇ ਪੁੱਜੇ ਅਤੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ।
ਵਿਧਾਇਕ ਨੇ ਕਿਹਾ ਕਿ ਡੰਪ ਨੂੰ ਖਾਲੀ ਕਰਵਾਇਆ ਜਾਵੇ ਤਾਂ ਜੋ ਆਉਣ-ਜਾਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਸਵੇਰੇ ਆਪਣੀ ਟੀਮ ਨਾਲ ਡੰਪ ’ਤੇ ਪੁੱਜੇ। ਉਨ੍ਹਾਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਇਲਾਕੇ ਦੀਆਂ ਸਮੱਸਿਆਵਾਂ ਵੀ ਜਾਣੀਆਂ। ਵਿਧਾਇਕ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਇਹ ਕਦਮ ਸਿਰਫ਼ ਲੋਕਾਂ ਦੀ ਸਹੂਲਤ ਲਈ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 100 ਦੇ ਕਰੀਬ ਟਿੱਪਰ ਪਹਿਲਾਂ ਹੀ ਕੂੜਾ ਇਕੱਠਾ ਕਰ ਚੁੱਕੇ ਹਨ ਅਤੇ ਬਾਕੀ ਰਹਿੰਦੇ ਵੀ ਜਲਦੀ ਹੀ ਇਕੱਠੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਲਈ ਕੁਝ ਸਖ਼ਤ ਕਦਮ ਚੁੱਕਣੇ ਪੈਣਗੇ। ਕਾਜ਼ੀ ਮੰਡੀ ਰੋਡ ਵਿੱਚ ਬਣੇ ਡੰਪ ਵਿੱਚੋਂ ਕੂੜਾ ਚੁੱਕ ਕੇ ਸੁੱਟ ਦਿੱਤਾ ਜਾਂਦਾ ਹੈ। ਅਜਿਹੇ ’ਚ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਸੜਕ ਵੀ ਬੰਦ ਹੋ ਜਾਂਦੀ ਹੈ। ਜੇਕਰ ਫਿਰ ਵੀ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।