ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਜੂਨ
ਆਰਟੀ ਪੀਸੀਆਰ ਟੈਸਟਾਂ ਲਈ ਵੱਧ ਪੈਸੇ ਵਸੂਲ ਕਰਨ ’ਤੇ ਸਖ਼ਤ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਪੁਲੀਸ ਅਥਾਰਟੀ ਨੂੰ ਇਕ ਲੈਬ ਖਿਲਾਫ਼ ਪੱਤਰਕਾਰ ਵੱਲੋਂ ਕੀਤੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਐੱਫਆਈਆਰ ਦਰਜ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਨਿਊਜ਼ ਵੈਬਸਾਈਟ ‘ਟਰੂ ਸਕੂਪ’ ਦੇ ਪੱਤਰਕਾਰ ਅਵਨੀਤ ਕੌਰ ਅਤੇ ਪਰੀਨਾ ਖੰਨਾ ਪਾਸੋਂ ਸ਼ਿਕਾਇਤ ਪ੍ਰਾਪਤ ਹੋਈ ਕਿ ਕਮਲ ਹਸਪਤਾਲ ਦੋਆਬਾ ਚੌਕ ਦੀ ਗੁਪਤਾ ਲੈਬ ਵਲੋਂ ਆਰਟੀਪੀਸੀਆਰ ਟੈਸਟ ਦੇ 1500 ਰੁਪਏ ਵਸੂਲ ਕੀਤੇ ਗਏ ਹਨ ਜਦਕਿ ਸਰਕਾਰ ਵਲੋਂ ਇਸ ਟੈਸਟ ਲਈ 450 ਰੁਪਏ ਰੇਟ ਨਿਰਧਾਰਿਤ ਕੀਤੇ ਗਏ ਹਨ। ਸ਼ਿਕਾਇਤਕਰਤਾ ਵਲੋਂ ਸਬੂਤ ਵਜੋਂ ਲੈਬ ਵਲੋਂ ਇਸ ਟੈਸਟ ਲਈ ਵਸੂਲ ਕੀਤੇ ਗਏ ਪੈਸਿਆਂ ਦੀ ਰਸੀਦ ਵੀ ਪੇਸ਼ ਕੀਤੀ ਗਈ, ਜਿਸ ’ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਮੁੱਢਲੀ ਜਾਂਚ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਰਣਦੀਪ ਸਿੰਘ ਗਿੱਲ ਵੱਲੋਂ ਕੀਤੀ ਗਈ, ਜਿਸ ਵਿੱਚ ਲੈਬ ਖਿਲਾਫ਼ ਲਗਾਏ ਗਏ ਦੋਸ਼ ਪਹਿਲੀ ਨਜ਼ਰੇ ਸਹੀ ਜਾਪਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਾਨਕ ਪੁਲੀਸ ਅਥਾਰਟੀ ਨੂੰ ਐੱਫਆਈਆਰ ਦਰਜ ਕਰਨ ਲਈ ਕਿਹਾ ਗਿਆ ਹੈ।