ਜਗਜੀਤ ਸਿੰਘ
ਮੁਕੇਰੀਆਂ, 14 ਸਤੰਬਰ
‘ਆਪ’ ਆਗੂ ਤੇ ਸਮਾਜ ਸੇਵੀ ਸੁਲੱਖਣ ਜੱਗੀ ’ਤੇ ਹੋਏ ਕਾਤਲਾਨਾ ਹਮਲੇ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਰਾਜਸੀ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕਰ ਕੇ ਪੁਲੀਸ ਨੂੰ 15 ਤੱਕ ਦੋਸ਼ੀ ਗ੍ਰਿਫ਼ਤਾਰ ਨਾ ਹੋਣ ’ਤੇ 16 ਸਤੰਬਰ ਨੂੰ ਬਾਜ਼ਾਰ ਬੰਦ ਕਰ ਕੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਰਾਜਪੂਤ ਸਭਾ ਦੇ ਆਗੂ ਪ੍ਰਦੀਪ ਕਟੋਚ ਦੀ ਅਗਵਾਈ ਵਿੱਚ ਸਾਂਝੀ ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ।
ਇਸ ਮੌਕੇ ਬੁਲਾਰਿਆਂ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੁਲੀਸ ਦਾ ਹਮਲੇ ਦੇ ਦੋ ਦਿਨ ਬਾਅਦ ਵੀ ਕੋਈ ਠੋਸ ਕਾਰਵਾਈ ਨਾ ਕਰਨਾ ਪੁਲੀਸ ਦੀ ਢਿੱਲਮੱਠ ਦਰਸਾਉਂਦਾ ਹੈ।
ਇਸ ਮੌਕੇ ਪੁੱਜੇ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸ੍ਰੀ ਜੱਗੀ ਦੇ ਬਿਆਨਾਂ ’ਤੇ ਅਣਪਛਾਤਿਆਂਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਜਲਦੀ ਗ੍ਰਿਫ਼ਤਾਰ ਕਰ ਲਏ ਜਾਣਗੇ।
‘ਆਪ’ ਵੱਲੋਂ ਮੀਟਿੰਗ
ਮੁਕੇਰੀਆਂ: ਆਮ ਆਦਮੀ ਪਾਰਟੀ ਦੇ ਆਗੂ ਸੁਲੱਖਣ ਜੱਗੀ ’ਤੇ ਹੋਏ ਹਮਲੇ ਖ਼ਿਲਾਫ਼ ਅਗਲੇ ਸੰਘਰਸ਼ ਲਈ ਪਾਰਟੀ ਦੀ ਮੀਟਿੰਗ ਸੀਨੀਅਰ ਆਗੂ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਪਾਬਲਾ, ਜਸਵੀਰ ਸਿੰਘ ਰਾਜ ਤੇ ਸ੍ਰੀ ਜੱਗੀ ਦੇ ਪਿਤਾ ਠਾਕੁਰ ਦਿਆਲ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਆਗੂਆਂ ਨੇ ਇਸ ਹਮਲੇ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਹਮਲਾਵਰ ਕਿਸੇ ਦੇ ਭੇਜੇ ਹੋਏ ਆਏ ਸਨ ਅਤੇ ਸ੍ਰੀ ਜੱਗੀ ਨੂੰ ਮਰਿਆ ਹੋਇਆ ਸਮਝ ਕੇ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਸਾਜਿਸ਼ਕਰਤਾ ਕੋਈ ਹੋਰ ਹਨ। ਇਹ ਮਾਮਲਾ ਸੂਬਾ ਪ੍ਰਧਾਨ ਭਗਵੰਤ ਮਾਨ ਮੁੱਖ ਮੰਤਰੀ ਕੋਲ ਉਠਾਉਣਗੇ। ਇਸ ਮੌਕੇ ਗੁਰਵਿੰਦਰ ਪਾਬਲਾ ਨੇ ਕਿਹਾ ਕਿ ਡੀਐਸਪੀ ਮੁਕੇਰੀਆਂ ਨੇ ਦੋ ਦਿਨਾਂ ਅੰਦਰ ਕਿਸੇ ਨਤੀਜੇ ’ਤੇ ਪੁੱਜਣ ਦਾ ਭਰੋਸਾ ਦੁਆਇਆ ਹੈ। ਇਸ ਮੌਕੇ ਸ੍ਰੀ ਜੱਗੀ ਦੇ ਪਿਤਾ ਠਾਕੁਰ ਦਿਆਲ ਸਿੰਘ ਨੇ ਕਿਹਾ ਕਿ ਇਸ ਪਿੱਛੇ ਖਣਨ ਮਾਫੀਆ ਦੇ ਲੋਕ ਹੋ ਸਕਦੇ ਹਨ।