ਸੁਰਜੀਤ ਮਜਾਰੀ
ਬੰਗਾ, 1 ਅਕਤੂਬਰ
ਲੋਕਤੰਤਰੀ ਢਾਂਚੇ ਦੀ ਮੁੱਢਲੀ ਇਕਾਈ ਕਹਾਉਣ ਵਾਲੀ ਪੰਚਾਇਤ ਦੇ ਸਾਬਕਾ ਮੁੱਖੀਆਂ ਨੇ ‘ਮਾਣ ਭੱਤੇ’ ਦੇ ਨਾਂ ਉੱਤੇ ਹੋਏ ਮਜ਼ਾਕ ਦੀ ਹਾਲ ਦੁਹਾਈ ਪਾਉਂਦਿਆਂ ਆਪਣੇ 25 ਮਹੀਨਿਆਂ ਦਾ ‘ਸੇਵਾ ਫ਼ਲ’ ਲੁੱਟੇ ਜਾਣ ਦਾ ਖ਼ਦਸ਼ਾ ਜਾਹਰ ਕੀਤਾ ਹੈ। ਇਹ ਫ਼ਿਕਰਮੰਦੀ ਪੰਚਾਇਤੀ ਕਾਰਜਕਾਲ 2013 ਤੋਂ 2018 ਤੱਕ ਦੇ ਸਰਪੰਚਾਂ ਦਾ ਬਣਦਾ ‘ਮਾਣ ਭੱਤਾ’ ਨਾ ਮਿਲਣ ਕਰਕੇ ਪੈਦਾ ਹੋਈ ਹੈ। ਇਸ ਦੇ ਨਾਲ ਦਸੰਬਰ 2018 ਤੋਂ ਹੁਣ ਤੱਕ ਢਾਈ ਸਾਲ ਦੇ ਨਵੇਂ ਸਰਪੰਚਾਂ ਦੇ ਖਾਤਿਆਂ ’ਚ ਵੀ ਕੋਈ ਧੇਲਾ ਨਹੀਂ ਆਇਆ। ਇੱਥੇ ਯੂੁਨੀਅਨ ਦੀ ਸਥਾਈ ਇਕਾਈ ਦੇ ਪ੍ਰਧਾਨ ਪਿੰਡ ਚੱਕ ਕਲਾਲ ਦੇ ਸਾਬਕਾ ਸਰਪੰਚ ਸੰਤੋਖ ਜੱਸੀ ਨੇ ਦੱਸਿਆ ਕਿ ਜੇਕਰ ਸਰਪੰਚਾਂ ਦਾ 58 ਮਹੀਨਿਆਂ ਦੇ ਮਾਣ ਭੱਤੇ ਦਾ ਅਜੇ ਵੀ ਭੁਗਤਾਨ ਨਾ ਕੀਤਾ ਗਿਆ ਤਾਂ ਦੋ ਅਕਤੂਬਰ ਨੂੰ ਪਹਿਲੇ ਸੰਕੇਤਕ ਰੋਸ ਵਜੋਂ ਸਾਰੀਆਂ ਕੇਂਦਰ ਤੇ ਸੂਬਾ ਸਰਕਾਰ ਦੇ ਸਾਰੇ ਸੱਦਿਆਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।ਪੰਚਾਇਤੀ ਨੁਮਾਇੰਦਿਆਂ ਨੇ ਸੂਬਾ ਸਰਕਾਰ ਵਲੋਂ ‘ਖਜ਼ਾਨਾ ਖਾਲੀ’ ਦੀ ਅਲੋਚਨਾ ਕੀਤੀ ਹੈ। ਯੂਨੀਅਨ ਦੀ ਬੰਗਾ ਇਕਾਈ ਦੇ ਪ੍ਰਧਾਨ ਸੰਤੋਖ ਸਿੰਘ ਜੱਸੀ ਨੇ ਕਿਹਾ ਕਿ ਇੱਕ ਪਾਸੇ ਤਾਂ ਵਿਧਾਇਕ ਤੇ ਸਾਂਸਦ ਕਈ ਕਈ ਪੈਨਸ਼ਨਾਂ ਦਾ ਲੁਕਵੀਂ ਭੁਗਤ ਨਾਲ ਲਾਹਾ ਲੈ ਰਹੇ ਹਨ ਦੂਜੇ ਪਾਸੇ ਸੂਬੇ ਦੇ ਪੇਂਡੂ ਖਿੱਤੇ ਨੂੰ ਨਵੀਂ ਨੁਹਾਰ ਪ੍ਰਦਾਨ ਕਰਨ ਵਾਲੇ ਪੰਚਾਇਤੀ ਨੁਮਾਇੰਦੇ ਆਪਣੇ ਨਿਗੁਣੇ ਮਾਣ ਭੱਤੇ ਦੀ ‘ਉਡੀਕ’ ’ਚ ਹਨ।
ਮਿਹਨਤਾਨਾ ਜਲਦੀ ਦਿਆਂਗੇੇ: ਬਾਜਵਾ
ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਜਦੋਂ ਇਸ ਸਬੰਧੀ ਫ਼ੋਨ ’ਤੇ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਪੰਚਾਇਤੀ ਨੁਮਾਇੰਦਿਆਂ ਦੀ ਲੋਕਤੰਤਰੀ ਢਾਂਚੇ ’ਚ ਸਤਿਕਾਰਤ ਥਾਂ ਹੈ,ਇਸ ਮਾਮਲੇ ’ਤੇ ਸਰਕਾਰ ਗੰਭੀਰਤਾ ਨਾਲ ਕੰਮ ਰਹੀ ਹੈ ਅਤੇ ਮਿਨਹਨਤਾਨਾ ਜਲਦੀ ਜਾਰੀ ਕਰ ਦਿੱਤਾ ਜਾਵੇਗਾ।