ਤਲਵਾੜਾ (ਪੱਤਰ ਪ੍ਰੇਰਕ): ਬੀਡੀਪੀਓ ਦਫ਼ਤਰ ਅੱਗੇ ਅੱਜ ਇਥੇ ਪੰਚਾਇਤ ਯੂਨੀਅਨ ਤਲਵਾੜਾ ਦੇ ਬੈਨਰ ਹੇਠਾਂ ਪੰਚਾਇਤੀ ਨੁਮਾਇੰਦਿਆਂ ਤੇ ਮਨਰੇਗਾ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਧਰਨਾ ਦਿੱਤਾ। ਉਪਰੰਤ ਬੀਡੀਪੀਓ ਤਲਵਾੜਾ ਰਾਹੀਂ ਮੁੱਖ ਮੰਤਰੀ ਪੰਜਾਬ, ਕੇਂਦਰੀ ਰਾਜ ਮੰਤਰੀ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ। ਪ੍ਰਧਾਨ ਨਵਲ ਕਿਸ਼ੋਰ ਮਹਿਤਾ, ਸਕੱਤਰ ਕੁਲਦੀਪ ਭੰਬੋਤਾੜ ਅਤੇ ਸਰਪ੍ਰਸਤ ਕੁਲਦੀਪ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਮਨਰੇਗਾ ਮਟੀਰੀਅਲ ਦੀ ਪਿਛਲੇ ਤਿੰਨ ਸਾਲਾਂ ਤੋਂ ਅਦਾਇਗੀ ਨਾ ਹੋਣ, ਕੈਟਲ ਸ਼ੈੱਡਾਂ ਦੇ ਰਹਿੰਦੇ ਬਕਾਏ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਦੂਜੀ ਤੇ ਤੀਜੀ ਕਿਸ਼ਤ ਜ਼ਾਰੀ ਕਰਨ ’ਚ ਕੀਤੀ ਜਾ ਰਹੀ ਦੇਰੀ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਿਆਂ ਨੂੰ ਛੇ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਸ੍ਰੀ ਮਾਨ ਚੋਣਾਂ ਤੋਂ ਪਹਿਲਾ ਸਰਪੰਚਾਂ ਨੂੰ 25 ਹਜ਼ਾਰ ਤੇ ਪੰਚਾਂ ਨੂੰ 10 ਹਜ਼ਾਰ ਰੁਪਏ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੇ।