ਪੱਤਰ ਪ੍ਰੇਰਕ
ਫਿਲੌਰ, 22 ਜੂਨ
ਪਿੰਡਾਂ ਦੀਆਂ ਪੰਚਾਇਤਾਂ ਭੰਗ ਹੋਣ ’ਤੇ ਪੰਚ ਸਰਪੰਚ ਵਿਹਲੇ ਨਹੀਂ ਹੋ ਸਕੇ। ਮੋਹਰ ਦੀ ਵਰਤੋਂ ਤੋਂ ਬਗੈਰ ਲੋੜੀਂਦੇ ਵਿਕਾਸ ਕਾਰਜਾਂ ’ਚ ਹਾਲੇ ਵੀ ਇਨ੍ਹਾਂ ਪੰਚਾਇਤ ਮੈਂਬਰਾਂ ਦੀ ਅਹਿਮ ਭੂਮਿਕਾ ਹੈ। ਕੰਮ ਚਾਹੇ ਪ੍ਰਸ਼ਾਸਕ ਵਲੋਂ ਹੀ ਕਰਵਾਏ ਜਾਣੇ ਹਨ ਪਰ ਭੰਗ ਹੋਈਆਂ ਪੰਚਾਇਤਾਂ ਦੇ ਮੁਖੀਆਂ ਨੂੰ ਭਰੋਸੇ ’ਚ ਜ਼ਰੂਰ ਲਿਆ ਜਾ ਰਿਹਾ ਹੈ। ਇਨ੍ਹਾਂ ਦਿਨਾਂ ’ਚ ਹੋਣ ਵਾਲੀਆਂ ਜ਼ਮੀਨਾਂ ਦੀਆਂ ਬੋਲੀਆਂ ’ਚ ਵੀ ਪੰਚਾਇਤ ਮੁਖੀਆਂ ਦਾ ਯੋਗਦਾਨ ਦੇਖਣ ਨੂੰ ਮਿਲ ਰਿਹਾ ਹੈ। ਪਿਛਲੀ ਵਾਰ ਪਿੰਡ ਦੁਸਾਂਝ ਖੁਰਦ ਦੇ ਪੰਚ ਰਹੇ ਚਰਨਜੀਤ ਸਿੰਘ ਨੇ ਦੱਸਿਆ ਕਿ ਪੰਚਾਇਤਾਂ ਭੰਗ ਹੋਣ ਉਪਰੰਤ ਕੁੱਝ ਵਿਅਕਤੀਆਂ ਨੇ ਪੰਚਾਇਤ ਦੇ ਥਾਂ ’ਤੇ ਕਬਜ਼ਾ ਕਰਨ ਦਾ ਯਤਨ ਕੀਤਾ ਸੀ ਜੇ ਉਸ ਵੇਲੇ ਕੋਈ ਅੱਗੇ ਨਾ ਆਉਂਦਾ ਤਾਂ ਪਿੰਡ ਦਾ ਨੁਕਸਾਨ ਹੋ ਜਾਣਾ ਸੀ। ਇੱਕ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਿਹੜੇ ਛੱਪੜ ਦਾ ਕੰਮ ਹੋਣ ਵਾਲਾ ਰਹਿੰਦਾ ਹੈ। ਜੇ ਉਹ ਦਖ਼ਲਅੰਦਾਜ਼ੀ ਨਹੀਂ ਕਰਨਗੇ ਤਾਂ ਪ੍ਰਸ਼ਾਸਕ ਨੂੰ ਕੰਮ ਬਾਰੇ ਪਤਾ ਨਹੀਂ ਲੱਗਣਾ। ਐਡੋਵਕੇਟ ਅਜੈ ਫਿਲੌਰ ਨੇ ਕਿਹਾ ਕਿ ਪੰਚਾਇਤਾਂ ਚੋਣਾਂ ਛੇਤੀ ਕਰਵਾਈਆਂ ਜਾਣ।