ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਸਤੰਬਰ
ਜਲੰਧਰ ਛਾਉਣੀ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੂੰ ਨਗਰ ਨਿਗਮ ਦੇ ਅਫ਼ਸਰ ਕੋਈ ‘ਰਾਹ’ ਨਹੀਂ ਦੇ ਰਹੇ। ਅੱਜ ਨਿਗਮ ਦੇ ਦਫਤਰ ਪਹੁੰਚੇ ਪਰਗਟ ਸਿੰਘ ਨੇ ਕਮਿਸ਼ਨਰ ਨਾਲ ਆਪਣੇ ਹਲਕੇ ਦੇ ਰੁਕੇ ਹੋਏ ਕੰਮਾਂ ਬਾਰੇ ਗੱਲਬਾਤ ਕਰਨੀ ਸੀ। ਕਮਿਸ਼ਨਰ ਦਵਿੰਦਰ ਸਿੰਘ ਦਾ ਵਿਧਾਇਕ ਪਰਗਟ ਸਿੰਘ ਨਾਲ ਮੇਲ ਨਹੀਂ ਹੋ ਸਕਿਆ ਕਿਉਂਕਿ ਕਮਿਸ਼ਨਰ ਦਫਤਰ ਵਿੱਚ ਨਹੀਂ ਸਨ। ਪਰਗਟ ਸਿੰਘ ਨੇ ਮੇਅਰ ਜਗਦੀਸ਼ ਰਾਜਾ ਦੇ ਦਫਤਰ ਵਿੱਚੋਂ ਹੀ ਕਮਿਸ਼ਨਰ ਨੂੰ ਮੋਬਾਈਲ ’ਤੇ ਫੋਨ ਕਰ ਕੇ ਉਲਾਂਭਾ ਦਿੱਤਾ ਕਿ ਉਨ੍ਹਾਂ ਦੀਆਂ ਸ਼ਿਫਤਾਂ ਬੜੀਆਂ ਸੁਣੀਆਂ ਹਨ ਪਰ ਜਲੰਧਰ ਵਰਗੇ ਸ਼ਹਿਰ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਕਿਧਰੇ ਦਿਖਾਈ ਨਹੀਂ ਦੇ ਰਹੀ। ਪਰਗਟ ਸਿੰਘ ਨੇ ਕਮਿਸ਼ਨਰ ਨੂੰ ਕਿਹਾ,‘ਤੁਸੀਂ ਮੀਟਿੰਗ ਕਰਨਾ ਵੀ ਚਾਹੁੰਦੇ ਹੋ ਜਾਂ ਨਹੀਂ।’ ਇਸ ’ਤੇ ਕਮਿਸ਼ਨਰ ਨੇ ਪਲਟ ਕੇ ਕੋਈ ਜਵਾਬ ਦੇਣ ਦੀ ਥਾਂ ਮੁਸਕਰਾ ਕੇ ਸਾਰ ਦਿੱਤਾ।
ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਵਿੱਚ ਸਾਰੇ ਕੰਮ ਰੁਕੇ ਪਏ ਹਨ। ਸਟੇਡੀਅਮ ਵਿੱਚ ਐਸਟੋਟਰਫ ਲੱਗਣ ਦਾ ਕੰਮ ਠੱਪ ਪਿਆ ਹੈ ਜਦ ਕਿ ਹਾਕੀ ਵਿੱਚ ਖਿਡਾਰੀਆਂ ਨੇ ਕੌਮਾਂਤਰੀ ਪੱਧਰ ’ਤੇ ਵੱਡੀਆਂ ਮੱਲਾਂ ਮਾਰੀਆਂ ਹਨ। ਸੀਵਰੇਜ ਦੇ ਬਹੁਤ ਥਾਵਾਂ ’ਤੇ ਕੰਮ ਰੁਕੇ ਪਏ ਹਨ, ਲੋਕਾਂ ਦਾ ਰਸਤਿਆਂ ਵਿੱਚੋਂ ਲੰਘਣਾ ਔਖਾ ਹੋਇਆ ਪਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਦਰਜਨ ਤੋਂ ਵੱਧ ਪਿੰਡ ਨਗਰ ਨਿਗਮ ਦੀ ਹਦੂੁਦ ਵਿੱਚ ਆਉਂਦੇ ਹਨ। ਇਨ੍ਹਾਂ ਪਿੰਡਾਂ ਨੂੰ ਸ਼ਹਿਰ ਵਿੱਚ ਰਲਾਉਣ ਦਾ ਫੈਸਲਾ ਤਾਂ ਇਸੇ ਕਰਕੇ ਲਿਆ ਸੀ ਕਿ ਉਨ੍ਹਾਂ ਦਾ ਵਿਕਾਸ ਵੀ ਸ਼ਹਿਰ ਦੀ ਤਰਜ਼ ’ਤੇ ਹੋਵੇਗਾ ਪਰ ‘ਆਪ’ ਦੀ ਸਰਕਾਰ ਜਿਸ ਤਰ੍ਹਾਂ ਮਨਮਾਨੀਆ ਕਰ ਰਹੀ ਹੈ, ਉਸ ਤੋਂ ਸਪੱਸ਼ਟ ਹੈ ਕਿ ਉਸ ਨੂੰ ਲੋਕਾਂ ਦੇ ਕੰਮਾਂ ਕਾਰਾਂ ਨਾਲ ਕੋਈ ਸਰੋਕਾਰ ਹੈ ਨਹੀਂ।