ਜਸਬੀਰ ਸਿੰਘ ਚਾਨਾ
ਫਗਵਾੜਾ, 14 ਮਾਰਚ
ਉੱਤਰੀ ਰੇਲਵੇ ਦੇ ਜੀਐੱਮ ਆਸ਼ੂਤੋਸ਼ ਨੇ ਅਚਨਚੇਤ ਨਿਰੀਖਣ ਲਈ ਫਗਵਾੜਾ ਰੇਲਵੇ ਜੰਕਸ਼ਨ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਇਥੇ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਕਾਰਨ ਰੇਲ ਗੱਡੀਆਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਸਾਰੀਆਂ ਰੇਲ ਗੱਡੀਆਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਏਗਾ। ਯਾਤਰੀਆਂ ਦੀ ਮੰਗ ਅਤੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੇਂ ਸਮੇਂ ’ਤੇ ਢੁੱਕਵੇਂ ਫ਼ੈਸਲੇ ਲਏ ਜਾਣਗੇ। ਯਾਤਰੀ ਰੇਲ ਗੱਡੀ ਦੇ ਐਕਸਪ੍ਰੈਸ ਬਣਨ ਤੋਂ ਬਾਅਦ ਪੇਂਡੂ ਖੇਤਰਾਂ ’ਚ ਰੇਲ ਗੱਡੀਆਂ ਦੇ ਰੁਕਣ ਨੂੰ ਘੱਟ ਕਰਨ ਤੋਂ ਬਾਅਦ ਜੀਐੱਮ ਨੇ ਕਿਹਾ ਕਿ ਕੁਝ ਯਾਤਰੀ ਰੇਲ ਗੱਡੀਆਂ ਨੂੰ ਮੰਗ ਅਨੁਸਾਰ ਐਕਸਪ੍ਰੈਸ ਟ੍ਰੇਨਾਂ ’ਚ ਬਦਲ ਦਿੱਤਾ ਗਿਆ ਹੈ। ਇਸ ਨਾਲ ਯਾਤਰੀਆਂ ਨੂੰ ਥੋੜੇ ਸਮੇਂ ’ਚ ਪਹੁੰਚਣ ਦੀ ਸਹੂਲਤ ਮਿਲੇਗੀ। ਇਸ ਮੌਕੇ ਸਾਬਕਾ ਮੇਅਰ ਰਾਜੇਸ਼ ਅਗਰਵਾਲ ਤੇ ਸਾਬਕਾ ਮੇਅਰ ਅਰੁਣ ਖੋਸਲਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਰੇਲਵੇ ਸਟੇਸ਼ਨ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੰਗ ਪੱਤਰ ਸੌਂਪਿਆ। ਮੰਗ ਪੱਤਰ ਰਾਹੀਂ ਉਨ੍ਹਾਂ ਕਿਹਾ ਕਿ ਰੇਲਵੇ ਡਰਾਈਵਰਾਂ ਲਈ ਇਕ ਵੇਟਿੰਗ ਰੂਮ ਪਲੇਟਫਾਰਮ ਨੰਬਰ ਇੱਕ ’ਤੇ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਜਦੋਂ ਮਾਲ ਸਾਮਾਨ ਟ੍ਰੇਨ ਦੇ ਲੇਟ ਹੋਣ ’ਤੇ ਡਰਾਈਵਰ ਉਥੇ ਆਰਾਮ ਕਰ ਸਕਣ।
ਜੀਐੱਮ ਨੂੰ ਦਿੱਤੀਆਂ ਗਈਆਂ ਮੰਗਾਂ ਵਿੱਚੋਂ ਮੁੱਖ ਮੰਗਾਂ ਬਜ਼ੁਰਗਾਂ ਲਈ ਲਿਫਟ-ਅਪ ਸੀਟਾਂ, ਬਜ਼ੁਰਗ ਨਾਗਰਿਕਾਂ ਲਈ ਵੱਖਰੇ ਟਿਕਟ ਕਾਉਂਟਰ ਖੋਲ੍ਹਣ, ਯੂਪੀ-ਬਿਹਾਰ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਮੁੜ ਚਾਲੂ ਕਰਨ, ਰੋਜ਼ਾਨਾ ਯਾਤਰੀਆਂ ਲਈ ਸਥਾਨਕ ਰੇਲ ਗੱਡੀਆਂ ਦੀ ਸ਼ੁਰੂਆਤ, ਖੇੜਾ ਰੋਡ ਦੇ ਗੇਟ ’ਤੇ ਓਵਰਬ੍ਰਿਜ ਦਾ ਨਿਰਮਾਣ ਕਾਰਜ ਜਲਦੀ ਸ਼ੁਰੂ ਕਰਨ, ਸਟੇਸ਼ਨ ਦੇ ਦੁਆਲੇ ਗੰਦਗੀ ਨੂੰ ਹਟਾਉਣਾ ਅਤੇ ਫਗਵਾੜਾ ਵਿਚ ਮਾਤਾ ਵੈਸ਼ਨੋ ਦੇਵੀ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੇ ਸਟਾਪੇਜ ਨੂੰ ਰੋਕਣਾ ਹੈ।