ਜਗਜੀਤ ਸਿੰਘ
ਮੁਕੇਰੀਆਂ, 12 ਜੁਲਾਈ
ਪਰਲ ਕੰਪਨੀ ਵਿੱਚ ਪੈਸੇ ਲਗਾ ਕੇ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ 2017 ਦੀਆਂ ਚੋਣਾਂ ਮੌਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਯਾਦ ਕਰਾਉਣ ਲਈ ਤਹਿਸੀਲਦਾਰ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਗਿਆ। ਇਸ ਵਫ਼ਦ ਦੀ ਅਗਵਾਈ ਅਵਤਾਰ ਸਿੰਘ ਤੇ ਸੂਬੇਦਾਰ ਗੁਰਮੇਲ ਸਿੰਘ ਨੇ ਕੀਤੀ। ਤਹਿਸੀਲਦਾਰ ਜਗਤਾਰ ਸਿੰਘ ਨੇ ਨਿਵੇਸ਼ਕਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦਾ ਮੰਗ ਪੱਤਰ ਸਿਫਾਰਸ਼ ਸਮੇਤ ਮੁੱਖ ਮੰਤਰੀ ਨੂੰ ਭੇਜ ਦਿੱਤਾ ਜਾਵੇਗਾ।
ਇਸ ਮੌਕੇ ਅਗੂਆਂ ਨੇ ਦੱਸਿਆ ਕਿ ਉਨ੍ਹਾਂ ਪਰਲ ਕੰਪਨੀ ਵਿੱਚ ਆਪਣੀ ਰਕਮ ਲਗਾਈ ਸੀ ਜਿਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਸੂਬੇ ਦੇ ਕਰੀਬ 25 ਲੱਖ ਲੋਕਾਂ ਦਾ ਕਰੋੜਾਂ ਰੁਪਇਆ ਪਰਲ ਵਿੱਚ ਲੱਗਿਆ ਸੀ, ਜਿਹੜੀ ਕਿ ਹੁਣ ਬੰਦ ਹੋ ਚੁੱਕੀ ਹੈ। ਮਾਣਯੋਗ ਸੁਪਰੀਮ ਕੋਰਟ ਨੇ ਪਰਲ ਦੀਆਂ ਜਾਇਦਾਦਾਂ ਵੇਚ ਕੇ ਲੋਕਾਂ ਨੂੰ ਉਨ੍ਹਾਂ ਦੀ ਰਾਸ਼ੀ ਅਦਾ ਕਰਨ ਦੇ ਹੁਕਮ ਕੀਤੇ ਹੋਏ ਹਨ ਅਤੇ ਸਭ ਤੋਂ ਵੱਧ ਜਾਇਦਾਦਾਂ ਵੀ ਇਸ ਕੰਪਨੀ ਦੀਆਂ ਪੰਜਾਬ ਵਿੱਚ ਹੀ ਹਨ। ਪਰ ਪੀੜਤਾਂ ਦੀ ਰਾਸ਼ੀ ਕਰੀਬ 6 ਸਾਲ ਬਾਅਦ ਵੀ ਉਨ੍ਹਾਂ ਨੂੰ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਸਾਲ 2017 ਦੀਆਂ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪਰਲ ਪੀੜਤਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਲੋਕਾਂ ਦੇ ਪੈਸੇ ਆਪਸ ਦੁਆਏ ਜਾਣਗੇ ਪਰ ਹੋਇਆ ਕੁਝ ਵੀ ਨਹੀਂ।
ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ
ਗੁਰਦਾਸਪੁਰ (ਕੇ.ਪੀ ਸਿੰਘ): ਪਰਲ ਕੰਪਨੀ ਵਿੱਚ ਪੈਸਾ ਨਿਵੇਸ਼ ਕਰ ਕੇ ਧੋਖਾਧੜੀ ਦਾ ਸ਼ਿਕਾਰ ਹੋਏ ਪੀੜਤਾਂ ਨੇ ਅੱਜ ਪਰਵਿੰਦਰ ਸਿੰਘ ਦੀ ਅਗਵਾਈ ਵਿੱਚ ਐੱਸਡੀਐੱਮ ਗੁਰਦਾਸਪੁਰ ਅਰਸ਼ਦੀਪ ਸਿੰਘ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਪਰਵਿੰਦਰ ਸਿੰਘ ਨੇ ਦੱਸਿਆ ਕਿ ਪਰਲ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ ਕੰਪਨੀ ਵਿੱਚ 20 ਤੋਂ 25 ਲੱਖ ਲੋਕਾਂ ਦੇ ਪੈਸਾ ਲੱਗਿਆ ਹੈ। ਕੰਪਨੀ ਕਰੀਬ 6 ਸਾਲ ਤੋਂ ਬੰਦ ਹੈ। ਮਾਨਯੋਗ ਸੁਪਰੀਮ ਕੋਰਟ ਨੇ 2 ਫਰਵਰੀ 2016 ਨੂੰ ਕੰਪਨੀ ਦੀ ਜਾਇਦਾਦ ਵੇਚ ਕੇ ਲੋਕਾਂ ਦਾ ਪੈਸਾ ਵਾਪਸ ਕਰਨ ਦੇ ਹੁਕਮ ਦਿੱਤੇ ਸਨ 6 ਸਾਲ ਬੀਤ ਜਾਣ ਦੇ ਬਾਵਜੂਦ ਲੋਕਾਂ ਨੂੰ ਪੈਸੇ ਨਹੀਂ ਮਿਲੇ।