ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 13 ਮਈ
ਇੱਥੋਂ ਦੇ ਮੁਹੱਲਾ ਸੱਗਰਾਂ ਦੇ ਰਹਿਣ ਵਾਲੇ ਲੋਕਾਂ ਨੇ ਪੁਲੀਸ ਪ੍ਰਸ਼ਾਸਨ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਸੱਗਰਾਂ ਮੁਹੱਲੇ ਦੇ ਰਹਿਣ ਵਾਲੇ ਸ਼ਮੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਆਪਣਾ ਮੁੰਡਾ ਨਸ਼ੇ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਉਸ ਨੇ ਹੁਣ ਤੱਕ 8 ਤੋਂ 10 ਲੱਖ ਦਾ ਨਸ਼ਾ ਪੀ ਲਿਆ ਹੈ। ਉਸ ਨੇ ਦੱਸਿਆ ਕਿ ਹੋਰ ਨੌਜਵਾਨ ਵੀ ਸ਼ਰੇਆਮ ਨਸ਼ਾ ਕਰ ਰਹੇ ਹਨ। ਸੱਗਰਾਂ ਮੁਹੱਲੇ ਵਿੱਚ ਕਰਿਆਨੇ ਦੀ ਦੁਕਾਨ ਕਰਨ ਵਾਲੀ ਸੁਸ਼ਮਾ ਨੇ ਕਿਹਾ ਕਿ ਉਹ ਰੋਜ਼ ਹੀ ਦੇਖਦੀ ਹੈ ਕਿ ਇੱਥੇ ਨੌਜਵਾਨ ਮੋਟਰਸਾਈਕਲਾਂ ’ਤੇ ਆਉਂਦੇ ਹਨ ਤੇ ਨਸ਼ਾ ਲੈ ਜਾਂਦੇ ਹਨ। ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਇਥੋਂ ਦੂਰ ਦੂਰ ਦੇ ਪਿੰਡਾਂ ਦੇ ਨੌਜਵਾਨ ਨਸ਼ਾ ਲੈਣ ਲਈ ਆਉਂਦੇ ਹਨ। ਮਹੇਸ਼ ਕੁਮਾਰ ਐੱਮਕੇ ਨੇ ਕਿਹਾ ਕਿ ਉਹ ਇਸ ਬਾਰੇ ਐੱਸਐੱਸਪੀ ਸਵਪਨ ਸ਼ਰਮਾ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਵਿੱਚ ਖਰਾਬ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾਵੇ। ਜਦ ਇਸ ਬਾਰੇ ਏਸੀਪੀ ਆਦਮਪੁਰ ਅਜੈ ਗਾਂਧੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਇਸ ’ਤੇ ਕਾਰਵਾਈ ਕਰਨਗੇ। ਇਲਾਕੇ ਵਿਚ ਨਸ਼ਾ ਤਸਕਰਾਂ ’ਤੇ ਨੱਥ ਪਾਉਣਗੇ। ਇਸ ਮੌਕੇ ਗਗਨ ਚੰਦ, ਗੁਲਸ਼ਨ ਕੁਮਾਰ, ਰਾਜ ਕੁਮਾਰ, ਪ੍ਰੇਮਪਾਲ, ਰਾਜ ਕੁਮਾਰ ਰਾਜਾ, ਰੂਬੀਕਾ (ਸਾਬਕਾ ਪ੍ਰਧਾਨ ਨਗਰ ਕੌਸਲ), ਜੋਗਿੰਦਰ ਪਾਲ, ਮਹੇਸ਼ੀ ਬਾਬੂ, ਸੁਖਵਿੰਦਰ ਕੁਮਾਰ, ਰਿੰਕੂ ਅਤੇ ਹੋਰ ਮੁਹੱਲਾ ਵਾਸੀ ਮੌਜੂਦ ਸਨ।