ਗੁਰਮੀਤ ਖੋਸਲਾ
ਸ਼ਾਹਕੋਟ, 16 ਨਵੰਬਰ
ਪਿੰਡ ਕੰਨੀਆਂ ਕਲਾਂ ਵਿਚ ਪਲਾਸਟਿਕ ਦੀਆਂ ਰੱਸੀਆਂ ਬਣਾਉਣ ਲਈ ਉਸਾਰੀ ਫੈਕਟਰੀ ਨੂੰ ਬੰਦ ਕਰਵਾਉਣ ਲਈ ਇਲਾਕਾ ਵਾਸੀਆਂ ਵੱਲੋਂ ਫੈਕਟਰੀ ਅੱਗੇ ਲਗਾਇਆ ਦਿਨ-ਰਾਤ ਦਾ ਧਰਨਾ ਅੱਜ 25ਵੇਂ ਦਿਨ ਵਿੱਚ ਦਾਖਲ ਹੋ ਗਿਆ। ਧਰਨਾਕਾਰੀਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਨੇ ਸਰਾਭਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਨੇ ਜਿਸ ਸਾਮਰਾਜ ਖ਼ਿਲਾਫ਼ ਸੰਘਰਸ਼ ਕਰਦਿਆਂ ਕੁਰਬਾਨੀਆਂ ਦਿੱਤੀਆਂ ਅੱਜ ਉਸੇ ਸਾਮਰਾਜ ਨੂੰ ਲਾਭ ਪਹੁੰਚਾਉਣ ਲਈ ਉਨ੍ਹਾਂ ਦੇ ਹੱਕ ਵਿਚ ਨੀਤੀਆਂ ਘੜ ਰਹੇ ਹਨ। ਵੱਡੇ-ਵੱਡੇ ਉਦਯੋਗਪਤੀ ਆਪਣੇ ਨਿੱਜੀ ਮੁਫਾਦਾਂ ਲਈ ਦੇਸ਼ ਦੇ ਪਾਣੀ ਤੇ ਹਵਾ ਨੂੰ ਪਲੀਤ ਕਰ ਰਹੇ ਹਨ। ਮੌਜੂਦਾ ਹਾਕਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਉਦਯੋਗਪਤੀਆਂ ਦੀ ਪੁਸ਼ਤ-ਪਨਾਹੀ ਕਰਕੇ ਇਲਾਕੇ ਦੇ ਪਾਣੀ ਨੂੰ ਪਲੀਤ ਕਰਨ ਲਈ ਉਨ੍ਹਾਂ ਨੂੰ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਾਣੀ ਨੂੰ ਪਲੀਤ ਨਹੀਂ ਕਰਨ ਦੇਣਗੇ ਇਸ ਦੇ ਲਈ ਉਨ੍ਹਾਂ ਨੂੰ ਜਿਨ੍ਹਾ ਲੰਬਾ ਮਰਜ਼ੀ ਸੰਘਰਸ਼ ਕਰਨਾ ਪਵੇ। ਇਸ ਮੌਕੇ ਪਾਲ ਸਿੰਘ ਫਰਾਂਸ, ਜਗਤਾਰ ਸਿੰਘ ਤਾਰੀ, ਪਰਮਜੀਤ ਸਿੰਘ ਪੰਮਾ, ਲਖਬੀਰ ਸਿੰਘ, ਤਾਰਾ ਸਿੰਘ, ਗੋਲਾ, ਕੁੰਦਨ ਸਿੰਘ, ਗਿਆਨ ਸਿੰਘ, ਨਿਰਮਲ ਸਿੰਘ, ਜੱਸਾ, ਗੁਰਬਿੰਦਰ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ, ਰਜਿੰਦਰ ਸਿੰਘ, ਕੰਨੀਆਂ ਕਲਾਂ ਦੇ ਸਰਪੰਚ ਰਜਿੰਦਰ ਸਿੰਘ ਸ਼ੇਰਾ, ਨੰਗਲ ਅੰਬੀਆਂ ਖੁਰਦ ਦੇ ਸਰਪੰਚ ਸੁਖਦੇਵ ਸਿੰਘ, ਨੰਗਲ ਅੰਬੀਆਂ ਦੇ ਸਰਪੰਚ ਪਰਿੰਮੰਦਰ ਸਿੰਘ ਸੰਧੂ ਤੇ ਪ੍ਰਭਦੀਪ ਸਿੰਘ ਹਾਜ਼ਰ ਸਨ।