ਹਤਿੰਦਰ ਮਹਿਤਾ
ਜਲੰਧਰ, 14 ਜੁਲਾਈ
ਪਿਛਲੇ ਕੁਝ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਸੂਬਿਆਂ ਵਿੱਚ ਰੇਲਵੇ ਵਿਭਾਗ ਵੱਲੋਂ ਰੇਲਾਂ ਰੱਦ ਕਰਨ ਤੋਂ ਬਾਅਦ ਅੱਜ ਮੁੜ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਪੰਜਾਬ ਵਿੱਚ ਫਸੇ ਉੱਥੋਂ ਦੇ ਵਸਨੀਕਾਂ ਨੇ ਰਾਹਤ ਮਹਿਸੂਸ ਕੀਤੀ। ਰੇਲਵੇ ਵਿਭਾਗ ਵੱਲੋਂ ਸਹਾਰਨਪੁਰ, ਦੇਹਰਾਦੂਨ, ਹਰਿਦੁਆਰ ਅਤੇ ਯੂਪੀ ਅਤੇ ਉੱਤਰਾਖੰਡ ਨੂੰ ਜਾਣ ਵਾਲੀਆਂ ਰੇਲਾਂ ਕਰੀਬ 9 ਜੁਲਾਈ ਤੋਂ ਹੀ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ।
ਪੰਜਾਬ ਰੋਡਵੇਜ਼ ਵੱਲੋਂ ਵੀ ਉਕਤ ਰਾਜਾਂ ਵਿੱਚ ਆਪਣੀਆਂ ਸੇਵਾਵਾਂ ਨਾਮਾਤਰ ਕਰ ਦੇਣ ਕਾਰਨ ਲੋਕਾਂ ਨੂੰ ਬੜੀ ਮੁਸ਼ਕਲ ਹੋ ਰਹੀ ਸੀ ਤੇ ਉਹ ਰਾਤਾਂ ਸਟੇਸ਼ਨ ’ਤੇ ਗੁਜਾਰਨ ਲਈ ਮਜਬੂਰ ਹੋ ਗਏ ਸਨ। ਰਿਸ਼ੀਕੇਸ਼ ਤੋਂ ਪੰਜਾਬ ਘੁੰਮਣ ਆਏ ਹਰਿਓਮ ਦੱਤ ਨੇ ਦੱਸਿਆ ਕਿ ਉਸ ਜਲੰਧਰ ਕੈਂਟ ਦੇ ਰੇਲਵੇ ਸਟੇਸ਼ਨ ਤੋਂ ਰਿਸ਼ੀਕੇਸ਼ ਵਾਪਸ ਜਾਣ ਵਾਲੀ ਹੇਮਕੁੰਟ ਐਕਸਪ੍ਰੈਸ ਰੇਲ ਫੜੀ ਸੀ ਪਰ ਵਿਭਾਗ ਵੱਲੋਂ ਰੇਲ ਰੱਦ ਕਰਨ ਕਾਰਨ ਉਸ ਨੇੜਲੇ ਇੱਕ ਧਾਰਮਿਕ ਸਥਾਨ ’ਤੇ ਦਿਨ ਗੁਜਾਰੇ। ਉਸ ਨੇ ਦੱਸਿਆ ਕਿ ਵਿਭਾਗ ਵੱਲੋਂ ਅੱਜ ਰੇਲ ਚਲਾਈ ਗਈ ਹੈ ਤੇ ਉਹ ਅੱਜ ਰਾਤ 11 ਵਜੇ ਰੇਲ ਫੜੇਗਾ। ਇਸੇ ਤਰ੍ਹਾਂ ਸੈਂਕੜੇ ਯਾਤਰੀ ਜਲੰਧਰ ਅਤੇ ਜਲੰਧਰ ਕੈਂਟ ਦੇ ਰੇਲਵੇ ਸਟੇਸ਼ਨਾਂ ’ਤੇ ਫਸੇ ਸਨ ਜੋ ਅੱਜ ਆਪਣੀਆਂ ਮੰਜ਼ਿਲ ਤੱਕ ਪਹੁੰਚਣ ਲਈ ਰੇਲ ਫੜਨਗੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕਈ ਧਾਰਮਿਕ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਲੰਗਰ ਤੇ ਹੋਰ ਸਾਮਾਨ ਦਿੱਤਾ ਗਿਆ।