ਦਲੇਰ ਸਿੰਘ ਚੀਮਾ
ਭੁਲੱਥ, 7 ਅਪਰੈਲ
ਇਥੋਂ ਦੇ ਰਿਜਨਲ ਹਸਪਤਾਲ ਵਿੱਚ ਢਾਈ ਮਹੀਨਿਆਂ ਦੀ ਤਾਇਨਾਤੀ ਤੋਂ ਬਾਅਦ ਮੈਡੀਸਨ ਮਾਹਿਰ ਡਾਕਟਰ ਦੀ ਬਦਲੀ ਮਾਨਸਾ ਦੀ ਹੋ ਜਾਣ ਦੇ ਵਿਰੋਧ ਵਿੱਚ ਹਸਪਤਾਲ ’ਚ ਲੋਕਾਂ ਨੇ ਧਰਨਾ ਦਿੱਤਾ ਅਤੇ ਡਾਕਟਰ ਦੀ ਦੁਬਾਰਾ ਤਾਇਨਾਤੀ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾ ਨੇ ਦੱਸਿਆ ਕਿ ਕਾਫੀ ਜੱਦੋਜਹਿਦ ਮਗਰੋਂ ਢਾਈ ਮਹੀਨੇ ਪਹਿਲਾਂ ਡਾਕਟਰ ਅਮ੍ਰਿੰਤਪਾਲ ਸਿੰਘ ਦੀ ਮੈਡੀਸਨ ਮਾਹਿਰ ਵਜੋਂ ਤਾਇਨਾਤੀ ਹੋਣ ਕਾਰਨ ਆਮ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਬਾਅਦ ਸਿਹਤ ਮੰਤਰੀ ਵਿਜੇ ਸਿੰਗਲਾ ਵੱਲੋਂ ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਬਦਲੀ ਕੀਤੀ ਗਈ ਹੈ ਜਿਸ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਤੇ ਆਮ ਲੋਕਾਂ ਵਲੋਂ ਉਨ੍ਹਾਂ ਦੀ ਦੁਬਾਰਾ ਭੁਲੱਥ ਵਿਚ ਤਾਇਨਾਤੀ ਦੀ ਮੰਗ ਨੂੰ ਲੈ ਕੇ ਹਸਪਤਾਲ ਵਿੱਚ ਧਰਨਾ ਗਿਆ। ਇਸ ਧਰਨੇ ਵਿੱਚ ਸਰਪੰਚ ਸਤਵਿੰਦਰ ਸਿੰਘ ਖੱਸਣ, ਸਾਬਕਾ ਸਰਪੰਚ ਅੰਗਰੇਜ਼ ਸਿੰਘ, ਗੁਰਵਿੰਦਰ ਸਿੰਘ ਬਾਜਵਾ, ਡਾਕਟਰ ਮੇਹਰ ਚੰਦ ਸਿੱਧੂ, ਬਲਵਿੰਦਰ ਸਿੰਘ ਚੀਮਾ, ਸਾਬਕਾ ਸਰਪੰਚ ਬਲਵਿੰਦਰ ਕੁਮਾਰ ਬਜਾਜ, ਅਜੀਤ ਸਿੰਘ ਘੁੰਮਣ ਤੇ ਹੋਰ ਮੈਂਬਰ ਹਾਜ਼ਰ ਸਨ। ਹਾਜ਼ਰ ਲੋਕਾਂ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਭੁਲੱਥ ਦੇ ਲੋਕਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਇੱਥੇ ਦੇ ਲੋੜਵੰਦ ਲੋਕਾਂ ਨੂੰ ਇਲਾਜ ਲਈ ਜਲੰਧਰ ਜਾਣਾ ਪੈਂਦਾ ਹੈ।