ਜੇ.ਬੀ.ਸੇਖੋਂ
ਗੜ੍ਹਸ਼ੰਕਰ, 15 ਮਈ
ਕੰਢੀ ਇਲਾਕੇ ਅਧੀਨ ਪੈਂਦੇ ਸਥਾਨਕ ਤਹਿਸੀਲ ਦੇ ਪਿੰਡ ਚੱਕ ਨਰਿਆਲ ਵਿੱਚ ਪੀਣ ਵਾਲੇ ਪਾਣੀ ਦੀ ਨਾਕਸ ਸਪਲਾਈ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਅੱਜ ਖਾਲੀ ਬਾਲਟੀਆਂ ਅਤੇ ਘੜੇ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ।
ਇਸ ਮੌਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਪ੍ਰਦੀਪ ਕੁਮਾਰ ਦੀ ਹਾਜ਼ਰੀ ਵਿਚ ਪਿੰਡ ਵਾਸੀਆਂ ਨੇ ਦੱਸਿਆ ਕਿ ਵੱਖ-ਵੱਖ ਪਾਰਟੀਆਂ ਦੀ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਲਈ ਕਦੇ ਕੋਈ ਚਾਰਾਜੋਈ ਨਹੀਂ ਕੀਤੀ ਅਤੇ ਹਰ ਸਾਲ ਗਰਮੀਆਂ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਰ ਭਿਆਨਕ ਰੂਪ ਧਾਰ ਲੈਂਦੀ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੇ 20 ਦੇ ਕਰੀਬ ਅਜਿਹੇ ਘਰ ਹਨ ਜਿੱਥੇ ਪੀਣ ਵਾਲੇ ਪਾਣੀ ਦੀ ਸਪਲਾਈ ਕਦੇ ਵੀ ਸੁਚਾਰੂ ਢੰਗ ਨਾਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਰਵਿਦਾਸ ਨਗਰ ਵਜੋਂ ਜਾਣੇ ਜਾਂਦੇ ਇਸ ਮੁਹੱਲੇ ਦੇ ਵਸਨੀਕਾਂ ਨੇ ਕਈ ਵਾਰ ਸਬੰਧਤ ਵਿਭਾਗ ਨੂੰ ਇਸ ਮੁਸ਼ਕਲ ਤੋਂ ਜਾਣੂ ਕਰਵਾਇਆ ਹੈ ਪਰ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਇਸ ਮੌਸਮ ਵਿੱਚ ਇਸ ਨੀਮ ਪਹਾੜੀ ਇਲਾਕੇ ਵਿੱਚ ਲੋਕਾਂ ਨੂੰ ਦੂਰ-ਦੂਰਾਡੇ ਤੋਂ ਪਾਣੀ ਢੋਹਣਾ ਪੈ ਰਿਹਾ ਹੈ।
ਧੀਮਾਨ ਨੇ ਕਿਹਾ ਕਿ ਉਕਤ ਘਰਾਂ ਤੱਕ ਸਰਕਾਰੀ ਟਿਊਬਵੈੱਲ ਦੀ ਟੈਂਕੀ ਤੋਂ ਆਉਣ ਵਾਲੀ ਸਪਲਾਈ ਨਾਲ ਪਾਈਪ ਲਾਈਨ ਸਹੀ ਢੰਗ ਨਾਲ ਨਾ ਜੁੜਨ ਕਰਕੇ ਪਿੰਡ ਦੇ ਕਈ ਘਰ ਪਾਣੀ ਤੋਂ ਵਾਂਝੇ ਰਹਿ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਇਕ ਹਫਤੇ ਵਿੱਚ ਸਪਲਾਈ ਪਾਈਪ ਸਹੀ ਢੰਗ ਨਾਲ ਨਾ ਜੋੜੀ ਗਈ ਤਾਂ ਪਿੰਡ ਵਾਸੀਆਂ ਨਾਲ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਅਮਰਜੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਓੁਪਿੰਦਰ ਕੌਰ, ਚਰਨਜੀਤ ਕੌਰ, ਹਸਵਿੰਦਰ ਕੌਰ, ਬਖਸੀਸ ਕੌਰ, ਪਰਮਜੀਤ ਸਿੱਘ, ਪਾਲ, ਗੁਰਦਿਆਲ ਸਿੰਘ, ਸਤਵਿੰਦਰ ਸਿੰਘ, ਕੁਲਦੀਪ ਸਿੰਘ, ਚਰਨ ਸਿੰਘ ਤੇ ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
ਮਾਮਲੇ ਦੀ ਪੜਤਾਲ ਕਰਾਂਗੇ: ਜੇਈ
ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਜੇਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਾਈਪ ਲਾਈਨ ਦੇ ਸਹੀ ਢੰਗ ਨਾਲ ਨਾ ਜੁੜਨ ਬਾਰੇ ਉਹ ਪੜਤਾਲ ਕਰਨਗੇ ਅਤੇ ਪਿੰਡ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ।