ਭਗਵਾਨ ਦਾਸ ਸੰਦਲ
ਦਸੂਹਾ, 5 ਦਸੰਬਰ
ਇੱਥੇ ਤਹਿਸੀਲਦਾਰਾਂ, ਪਟਵਾਰੀਆਂ ਤੇ ਕਾਨੂੰਨਗੋਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਾ ਤਾਂ ਇਨ੍ਹਾਂ ਦੀ ਹੜਤਾਲ ਖੁੱਲ੍ਹਵਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾ ਹੀ ਇਨ੍ਹਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ। ਇਸ ਕਾਰਨ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਇਸ ਸਬੰਧੀ ਦਿਨੇਸ ਭੰਡਾਰੀ, ਗੁਰਨਾਮ ਸਿੰਘ ਗੋਤਰਾ ਤੇ ਹੋਰਨਾਂ ਲੋਕਾਂ ਨੇ ਕਿਹਾ ਕਿ ਪਿਛਲੇ ਕਰੀਬ ਡੇਢ ਹਫ਼ਤੇ ਤੋਂ ਹੜਤਾਲ ਕਾਰਨ ਲੋਕਾਂ ਦੇ ਜ਼ਮੀਨੀ ਜਾਇਦਾਦਾਂ ਸਣੇ ਵੱਖ-ਵੱਖ ਹੋਰ ਦਫ਼ਤਰੀ ਕੰਮ ਰੁਕੇ ਹੋਏ ਹਨ।
ਇਸ ਸਬੰਧੀ ਦਿ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਸੋਹੀ ਤੇ ਸਕੱਤਰ ਇਕਬਾਲ ਸਿੰਘ ਧਾਮੀ ਤੇ ਮਜ਼ਦੂਰ ਫੈਡਰੇਸ਼ਨ ਦੇ ਆਗੂ ਕਾਮਰੇਡ ਵਿਜੇ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਤਹਿਸੀਲਦਾਰਾਂ, ਪਟਵਾਰੀਆਂ ਤੇ ਕਾਨੂੰਗੋਆਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਹੜਤਾਲ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਕਾਰਨ ਆਮ ਲੋਕਾਂ ਦੇ ਨਾਲ ਨਾਲ ਬਜ਼ੁਰਗਾਂ ਨੂੰ ਵੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ, ਪਟਵਾਰ ਯੂਨੀਅਨ ਦਸੂਹਾ ਦੇ ਪ੍ਰਧਾਨ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂਕਿ ਤੱਕ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨੇ ਜਾਣ ਤੱਕ ਉਹ ਹੜਤਾਲ ਖ਼ਤਮ ਨਹੀਂ ਕਰਨਗੇ।