ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਨਵੰਬਰ
ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਪੰਜ ਦਿਨਾ ਪੀਐੱਨਬੀ ਮੈੱਟਲਾਈਫ ਪੰਜਾਬ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਦਾ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਤਿਿਨ ਖੰਨਾ ਨੇ ਆਰੰਭ ਕੀਤਾ। ਟੂਰਨਾਮੈਂਟ ਬਾਰੇ ਦੱਸਦਿਆਂ ਚੀਫ਼ ਰੈਫਰੀ ਰਵੀ ਚੌਹਾਨ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਲਗਭਗ 900 ਖਿਡਾਰੀ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਅੰਡਰ 9 ਤੋਂ ਅੰਡਰ 17 ਤੱਕ ਲੜਕੇ ਅਤੇ ਲੜਕੀਆਂ ਦੇ ਸਿੰਗਲ ਮੁਕਾਬਲੇ ਕਰਵਾਏ ਜਾ ਰਹੇ ਹਨ। ਚੈਂਪੀਅਨਸ਼ਿਪ ਵਿੱਚ 516 ਲੜਕੇ ਅਤੇ 222 ਲੜਕੀਆਂ ਹਿੱਸਾ ਲੈ ਰਹੇ ਹਨ। ਜੇਤੂਆਂ ਨੂੰ 4 ਨਵੰਬਰ ਨੂੰ ਤਿੰਨ ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ ਦੇ ਦੌਰਾਨ ਖਿਡਾਰੀਆਂ ਲਈ ਖਾਣ-ਪੀਣ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ। ਜੇਬੀਸੀ ਮੈੱਟਲਾਈਫ ਟੂਰਨਾਮੈਂਟ ਦੇਸ਼ ਦੇ 10 ਸ਼ਹਿਰਾਂ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿਚ 8500 ਖਿਡਾਰੀ ਭਾਗ ਲੈ ਰਹੇ ਹਨ, ਜੋ ਇੱਕ ਵਿਸ਼ਵ ਰਿਕਾਰਡ ਵੀ ਹੈ। ਇਸੇ ਤਰ੍ਹਾਂ 10 ਨਵੰਬਰ ਨੂੰ ਦਿੱਲੀ ਵਿੱਚ ਇਸ ਟੂਰਨਾਮੈਂਟ ਦੀ ਸਮਾਪਤੀ ਹੋਵੇਗੀ, ਜਿਸ ਵਿੱਚ ਵਿਸ਼ਵ ਨੰਬਰ 1 ਖਿਡਾਰੀ ਸਾਤਿਵਕਸਾਈਰਾਜ ਅਤੇ ਚਿਰਾਗ ਸ਼ੈੱਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।