ਸੁਰਜੀਤ ਮਜਾਰੀ
ਬੰਗਾ, 2 ਅਕਤੂਬਰ
ਪਿੰਡ ਖਟਕੜ ਕਲਾਂ ਵਿੱਚ ਅੱਜ ਜੁੜੇ ਸਾਹਿਤਕ ਸਮਾਗਮ ’ਚ ਮੌਜੂਦਾ ਕਿਸਾਨ ਅੰਦੋਲਨ ’ਚ ਲੇਖਕਾਂ ਦੀ ਭੂਮਿਕਾ ਵਿਸ਼ੇ ’ਤੇ ਵਿਚਾਰ ਚਰਚਾ ਕੀਤੀ ਗਈ। ਇਹ ਸਮਾਗਮ ਸ਼ਹੀਦ ਭਗਤ ਸਿੰਘ ਤੇ ਸ਼ਾਇਰ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਗਤੀਸ਼ੀਲ ਲੇਖਕ ਸੰਘ ਦੇ ਬੈਨਰ ਹੇਠ ਕਰਵਾਇਆ ਗਿਆ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ, ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਅਤੇ ਪ੍ਰਗਤੀ ਲੇਖਕ ਸੰਘ ਦੇ ਸਕੱਤਰ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਕਿਸਾਨੀ ਅੰਦੋਲਨ ’ਚ ਲੇਖਕਾਂ ਦਾ ਵੱਡਾ ਯੋਗਦਾਨ ਹੈ ਜਿਨ੍ਹਾਂ ਆਪਣੀਆਂ ਰਚਨਾਵਾਂ ਰਾਹੀਂ ਇਸ ਅੰਦੋਲਨ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਮੋਹਰੀ ਭੂਮਿਕਾ ਨਿਭਾਈ ਹੈ। ਸਮਾਗਮ ਦੇ ਮੁੱਖ ਪ੍ਰਬੰਧਕ ਮਾਸਟਰ ਹਰਬੰਸ ਹੀਉਂ ਨੇ ਸਮਾਗਮ ਦੇ ਮਿਸ਼ਨ ’ਤੇ ਚਾਨਣਾ ਪਾਇਆ। ਇਸ ਦੌਰਾਨ ਹੋਏ ਕਵੀ ਦਰਬਾਰ ਦੌਰਾਨ ਸ਼ਾਇਰ ਪ੍ਰੋ. ਸੰਧੂ ਵਰਿਆਣਵੀ, ਦੀਪ ਕਲੇਰ, ਤਲਵਿੰਦਰ ਸ਼ੇਰਗਿੱਲ, ਕਮਲਦੀਪ ਜਲੂਲ, ਜੋਗਿੰਦਰ ਸਿੰਘ ਕੁੱਲੇਵਾਲ, ਜੀਵਨ ਚੰਦੇਲੀ, ਦੇਵ ਰਾਜ ਦਾਦਰ, ਅਵਤਾਰ ਸੰਧੂ, ਬਲਵਿੰਦਰ ਭੱਟੀ, ਸਮਸ਼ੇਰ ਮੋਹੀ, ਗੁਰਦੀਪ ਸੈਣੀ ਆਦਿ ਨੇ ਸਮਾਜ ਸੁਧਾਰਕ ਰਚਨਾਵਾਂ ਰਾਹੀਂ ਕਿਸਾਨ ਅੰਦੋਲਨ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਤਰਕਸ਼ੀਲ ਸੁਸਾਇਟੀ ਅਤੇ ਬੇਗ਼ਮਪੁਰੀ ਬੁੱਕ ਭੰਡਾਰ ਵੱਲੋਂ ਕਿਤਾਬਾਂ ਦੇ ਸਟਾਲ ਵੀ ਲਾਏ ਗਏ ਜਿੱਥੋ ਲੋਕਾਂ ਨੇ ਭਾਰੀ ਗਿਣਤੀ ’ਚ ਕਿਤਾਬਾਂ ਖ੍ਰੀਦੀਆਂ।