ਪੱਤਰ ਪ੍ਰੇਰਕ
ਬੰਗਾ, 13 ਮਾਰਚ
ਨਵਜੋਤ ਸਾਹਿਤ ਸੰਸਥਾ ਔੜ ਵਲੋਂ ਆਪਣੇ 15 ਰੋਜ਼ਾ ਪ੍ਰੋਗਰਾਮ ‘ਲੇਖਕ ਦੇ ਵਿਹੜੇ’ ਬੈਨਰ ਹੇਠ ਕਵਿੱਤਰੀ ਅਮਰ ਜਿੰਦ ‘ਮਹਿਰਮਪੁਰ’ ਨਾਲ ਰੂ-ਬ-ਰੂ ਕਰਵਾਇਆ ਗਿਆ। ਉਨ੍ਹਾਂ ਦੇ ਘਰ ਦੇ ਵਿਹੜੇ ਵਿੱਚ ਜੁੜੇ ਇਸ ਸਾਹਿਤਕ ਸਮਾਗਮ ਦੌਰਾਨ ਉਨ੍ਹਾਂ ਦੀ ਪੁਸਤਕ ‘ਹਰਫ਼ਾਂ ਦੇ ਰੰਗ’ ਅਤੇ ਉਨ੍ਹਾਂ ਦੀ ਲਿਖਣ ਕਲਾ ਦੇ ਵੱਖ ਵੱਖ ਪਹਿਲੂਆਂ ’ਤੇ ਵਿਚਾਰਾਂ ਹੋਈਆਂ। ਸੰਸਥਾ ਵਲੋਂ ਉਨ੍ਹਾਂ ਨੂੰ ਅਜਿਹੀਆਂ ਸੇਵਾਵਾਂ ਲਈ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਸ਼ਾਮਲ ਨਵਾਂ ਸ਼ਹਿਰ ਵਿਕਾਸ ਬੋਰਡ ਦੇ ਚੇਅਰਮੈਨ ਡਾ. ਕਲਮਜੀਤ ਲਾਲ, ਕੇਂਦਰੀ ਪੰਜਾਬੀ ਸਾਹਿਤ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ ਅਤੇ ਸੇਵਾ ਮੁਕਤ ਮੁੱਖ ਅਧਿਆਪਕਾ ਕੁਲਵੰਤ ਕੌਰ ਨੇ ਅਮਰ ਜਿੰਦ ਦੀ ਸ਼ਲਾਘਾ ਕੀਤੀ।
ਇਸ ਮੌਕੇ ਹੋਏ ਕਵੀ ਦਰਬਾਰ ’ਚ ਤਰਸੇਮ ਸਾਕੀ, ਦੇਸ ਰਾਜ ਬਾਲੀ, ਪ੍ਰਹਲਾਦ ਅਟਵਾਲ, ਗੁਰਨੇਕ ਸ਼ੇਰ, ਦਵਿੰਦਰ ਸਕੋਹਪੁਰੀ, ਰੰਜਨਾ ਸ਼ਰਮਾ, ਨੀਰੂ ਜੱਸਲ ਤੇ ਰਵਿੰਦਰ ਮੱਲ੍ਹਾ ਬੇਦੀਆਂ ਹੋਰਾਂ ਨੇ ਗੀਤ, ਕਵਿਤਾਵਾਂ, ਗਜ਼ਲਾਂ ਰਾਹੀਂ ਖੂਬ ਰੰਗ ਬੰਨ੍ਹਿਆ।