ਹਤਿੰਦਰ ਮਹਿਤਾ
ਆਦਮਪੁਰ ਦੋਆਬਾ(ਜਲੰਧਰ), 30 ਅਕਤੂਬਰ
ਦੀਵਾਲੀ ਵਾਲੀ ਰਾਤ ਕਿਲ੍ਹਾ ਮੁਹੱਲੇ ਵਿੱਚ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੇ ਮਾਮਲੇ ਵਿੱਚ ਲੋੜੀਂਦੇ ਸ਼ਿਵਮ ਚੌਹਾਨ ਉਰਫ ਤੋਤਾ ਵਾਸੀ ਢੰਨ ਮੁਹੱਲਾ, ਜਲੰਧਰ ਅਤੇ ਉਸ ਦੇ ਦੋ ਸਾਥੀਆਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ।
ਇਸ ਸਬੰਧੀ ਪੁਲੀਸ ਕਮਿਸ਼ਨਰ ਜਲੰਧਰ ਗੁਰਸ਼ਰਨਜੀਤ ਸਿੰਘ ਸੰਧੂ ਨੇ ਇਕ ਪ੍ਰੈੱਸ ਬਿਆਨ ਕਰ ਕੇ ਦੱਸਿਆ ਕਿ ਸ਼ਿਵਮ ਚੌਹਾਨ ਉਰਫ ਤੋਤਾ ਦੀ ਭਾਲ ਕਰ ਰਹੀ ਕਮਿਸ਼ਨਰੇਟ ਪੁਲੀਸ ਵੱਲੋਂ ਥਾਣਾ ਡਿਵੀਜ਼ਨ ਨੰਬਰ 3 ਦੇ ਮੁਖੀ ਕਮਲਜੀਤ ਸਿੰਘ ਦੀ ਅਗਵਾਈ ਹੇਠ ਸ਼ਿਵਮ ਚੌਹਾਨ ਉਰਫ ਤੋਤਾ ਦੇ ਟਿਕਾਣੇ ’ਤੇ ਛਾਪਾ ਮਾਰਿਆ ਗਿਆ ਅਤੇ ਉੱਥੋਂ ਉਸ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਵਮ ਚੌਹਾਨ ਉਰਫ ਤੋਤਾ ਦੇ ਨਾਲ ਉਸ ਦੇ ਸਾਥੀ ਸੰਜੀਵ ਕੁਮਾਰ ਉਰਫ ਸੋਨੂੰ ਵਾਸੀ ਜਲੰਧਰ ਅਤੇ ਨਰਿੰਦਰ ਸੂਰਮਾ ਵਾਸੀ ਜਲੰਧਰ ਨੂੰ ਵੀ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੀਵਾਲੀ ਵਾਲੀ ਰਾਤ ਕਿਲ੍ਹਾ ਮੁਹੱਲਾ ਵਿੱਚ ਜੂਆ ਖੇਡਦੇ ਹੋਏ ਵਿਅਕਤੀਆਂ ਨਾਲ ਝਗੜਾ ਕਰਨ ਲਈ ਹਥਿਆਰਾਂ ਨਾਲ ਲੈਸ ਪੰਜ-ਛੇ ਵਿਅਕਤੀਆਂ ਨੂੰ ਨਾਲ ਲੈ ਕੇ ਆਏ ਸ਼ਿਵਮ ਚੌਹਾਨ ਉਰਫ ਤੋਤਾ ਅਤੇ ਅਰੁਣ ਸ਼ਰਮਾ ਉਰਫ ਪੀੜੀ ਨੇ ਦਿਨੇਸ਼ ਮਹਾਜਨ ’ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਦਿਨੇਸ਼ ਮਹਾਜਨ ਦੇ ਬਚਾਅ ਵਿੱਚ ਆਏ ਉਸ ਦੇ ਪਿਤਾ ਸੁਭਾਸ਼ ਮਹਾਜਨ ਨੂੰ ਵੀ ਹਮਲਾਵਰਾਂ ਨੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਝਗੜੇ ਦੌਰਾਨ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਇਲਾਕੇ ਵਿੱਚ ਦਹਿਸ਼ਤ ਫੈਲਾਈ ਸੀ। ਉਸ ਤੋਂ ਬਾਅਦ ਪੁਲੀਸ ਨੇ ਸ਼ਿਵਮ ਚੌਹਾਨ ਉਰਫ ਤੋਤਾ ਅਤੇ ਅਰੁਣ ਸ਼ਰਮਾ ਉਰਫ ਪੀੜੀ ਖ਼ਿਲਾਫ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਸਥਾਨਕ ਕਿਲ੍ਹਾ ਮੁਹੱਲਾ ਵਿੱਚ ਲੜਾਈ-ਝਗੜੇ ਦੌਰਾਨ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਨਾਮਜਦ ਸ਼ਿਵਮ ਚੌਹਾਨ ਉਰਫ ਤੋਤਾ ਦੇ ਪਿਤਾ ਅਜੈ ਕੁਮਾਰ ਜਿਸ ਨੂੰ ਇਸ ਮਾਮਲੇ ਵਿੱਚ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ, ਵੱਲੋਂ ਵੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਯੁਕਤੀ ਗੋਇਲ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਹੈ। ਅਦਾਲਤ ਨੇ ਇਸ ਅਰਜ਼ੀ ’ਤੇ ਸੁਣਵਾਈ ਲਈ ਪਹਿਲੀ ਨਵੰਬਰ ਦੀ ਤਰੀਕ ਤੈਅ ਕੀਤੀ ਹੈ।