ਜਗਜੀਤ ਸਿੰਘ
ਮੁਕੇਰੀਆਂ, 13 ਦਸੰਬਰ
ਦਿੱਲੀ ਕਿਸਾਨ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਨੌਜਵਾਨਾਂ ਦੀ ਸ਼ਹਿਰ ਦੇ ਮਾਤਾ ਰਾਣੀ ਚੌਕ ਵਿੱਚ ਕੱਲ੍ਹ ਕਰਨੀ ਸੈਨਾਂ ਦੇ ਆਗੂਆਂ ਵੱਲੋਂ ਕੀਤੀ ਗਈ ਕੁੱਟਮਾਰ ਦੇ ਸਬੰਧ ਵਿੱਚ ਪੁਲੀਸ ਵੱਲੋਂ ਕੇਸ ਦਰਸ ਕਰ ਲਏ ਜਾਣ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਵਲੋਂ ਛਾਪੇ ਮਾਰੇ ਜਾਣ ਦੀ ਕਾਰਵਾਈ ਆਰੰਭੇ ਜਾਣ ’ਤੇ ਕਿਸਾਨ ਜਥੇਬੰਦੀਆਂ ਨੇ ਅੱਜ ਦਾ ਚੱਕਾ ਜਾਮ ਦਾ ਪ੍ਰੋਗਰਾਮ ਅੱਗੇ ਪਾ ਦਿੱਤਾ ਹੈ।
ਇਸ ਮਸਲੇ ਨੂੰ ਲੈ ਕੇ ਮਾਨਸਰ ਟੌਲ ਪਲਾਜ਼ਾ ’ਤੇ ਐੱਸਪੀ ਧਰਮਵੀਰ ਸਿੰਘ ਦੀ ਅਗਵਾਈ ’ਚ ਪੁਲੀਸ ਅਧਿਕਾਰੀਆਂ ਤੇ ਕਿਸਾਨਾਂ ਵਿਚਾਲੇ ਬਾਅਦ ਦੁਪਹਿਰ ਤੱਕ ਚੱਲੀ ਮੀਟਿੰਗ ਵਿੱਚ ਪੁਲੀਸ ਨੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ। ਐੱਸਪੀ ਧਰਮਵੀਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਪੀੜਤ ਨੌਜਵਾਨਾਂ ਦੇ ਬਿਆਨਾਂ ’ਤੇ ਬੈਨੀ ਮਿਨਹਾਸ ਸਮੇਤ ਚਾਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਫੇਸਬੁੱਕ ’ਤੇ ਉਕਤ ਮਾਮਲੇ ਵਿੱਚ ‘ਪਗੜੀ ਸੰਭਾਲ ਜੱਟਾ ਲਹਿਰ’ ਦੇ ਆਗੂ ਸਤਨਾਮ ਸਿੰਘ ਖ਼ਿਲਾਫ਼ ਭੜਕਾਊ ਪੋਸਟ ਪਾਉਣ ਵਾਲੇ ਖਿਲਾਫ਼ ਆਈਟੀ ਸੈਕਸ਼ਨ ਵੱਲੋਂ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲਿਆਂ ਦਾ ਪਿਛਲਾ ਅਪਰਾਧਿਕ ਰਿਕਾਰਡ ਵੀ ਵਾਚਿਆ ਜਾਵੇਗਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਮੁਢਲੇ ਤੌਰ ‘ਤੇ ਕੋਈ ਢਿੱਲ ਨਹੀਂ ਵਰਤੀ, ਪਰ ਅਗਲੇਰੀ ਜਾਂਚ ਲਈ ਕੁਝ ਸਮਾਂ ਚਾਹੀਦਾ ਹੈ।
ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੁਲਜ਼ਮਾਂ ਖਿਲਾਫ਼ ਦਰਜ ਕੇਸ ਵਿੱਚ ਕਾਰ ਰੋਕ ਕੇ ਲੁੱਟ ਖੋਹ ਦੀ ਧਾਰਾ ਸਮੇਤ ਕੁਝ ਹੋਰ ਧਾਰਾਵਾਂ ਦਾ ਵਾਧਾ ਕਰਨ ਦੀ ਮੰਗ ਵੀ ਕੀਤੀ। ਪੁਲੀਸ ਅਧਿਕਾਰੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜਾਂਚ ਉਪਰੰਤ ਹਰ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਅਜਿਹਾ ਕਰ ਰਹੇ ਹਨ।
ਉਪਰੰਤ ਸੰਘਰਸ਼ ਕਮੇਟੀ ਨੇ ਇਸ ਮਸਲੇ ਲਈ ਪੁਲੀਸ ਨੂੰ ਕੁਝ ਸਮਾਂ ਦਿੰਦਿਆਂ ਸੰਘਰਸ਼ ਅੱਗੇ ਪਾ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਆਗੂ ਗੁਰਨਾਮ ਸਿੰਘ ਜਹਾਨਪੁਰ ਨੇ ਦੱਸਿਆ ਕਿ ਜੇਕਰ ਮੁਲਜ਼ਮਾਂ ਖ਼ਿਲਾਫ਼ ਕੋਈ ਢਿੱਲਮੱਠ ਵਰਤੀ ਗਈ ਤਾਂ ਉਹ ਤਿੱਖੇ ਸੰਘਰਸ਼ ਦਾ ਐਲਾਨ ਕਰ ਦੇਣਗੇ।